ਟੋਰਾਂਟੋ ਵਿੱਚ ਕਥਿਤ ਤੌਰ ‘ਤੇ ਨਾਕਾਮ ਕੀਤੀ ਗਈ ਅੱਤਵਾਦੀ ਸਾਜ਼ਿਸ਼ ਦੇ ਸਬੰਧ ਵਿੱਚ ਹਾਲ ਹੀ ਵਿੱਚ ਚਾਰਜ ਕੀਤੇ ਗਏ ਦੋ ਅੱਤਵਾਦੀ ਸ਼ੱਕੀਆਂ ਦੀ ਸਕਰੀਨਿੰਗ ਪ੍ਰਕਿਰਿਆ ‘ਤੇ ਚਰਚਾ ਕਰਨ ਲਈ ਹਾਊਸ ਆਫ ਕਾਮਨਜ਼ ਪਬਲਿਕ ਸੇਫਟੀ ਅਤੇ ਨੈਸ਼ਨਲ ਸਕਿਓਰਿਟੀ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਓਟਵਾ ਵਿੱਚ ਹੋਈ। ਇਸ ਮੀਟਿੰਗ ਦੌਰਾਨ ਕਮੇਟੀ ਇਸ ‘ਤੇ ਵੋਟ ਕੀਤਾ ਕਿ, ਕੀ ਜਨਤਕ ਸੁਰੱਖਿਆ ਮੰਤਰੀ, ਇਮੀਗ੍ਰੇਸ਼ਨ ਮੰਤਰੀ, ਅਤੇ ਹੋਰ ਫੈਡਰਲ ਅਧਿਕਾਰੀਆਂ ਨੂੰ ਕੇਸ ਬਾਰੇ ਗਵਾਹੀ ਦੇਣ ਲਈ ਬੁਲਾਇਆ ਜਾਵੇ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸ਼ੱਕੀ, ਅਹਿਮਦ ਫੂਆਦ ਮੁਸਤਫਾ ਏਲਦੀਦੀ ਅਤੇ ਉਸਦੇ ਪੁੱਤਰ ਮੁਸਤਫਾ ਏਲਦੀਦੀ ਨੂੰ ਜੁਲਾਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਇਸਲਾਮਿਕ ਸਟੇਟ ਦੇ ਫਾਇਦੇ ਲਈ ਕਤਲ ਕਰਨ ਦੀ ਸਾਜ਼ਿਸ਼ ਸਮੇਤ ਕਈ ਅੱਤਵਾਦ-ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕੇਸ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਜਾਂਚ ਪ੍ਰਕਿਰਿਆਵਾਂ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ, ਕਿਉਂਕਿ ਪਿਤਾ ਕਥਿਤ ਤੌਰ ‘ਤੇ ਵਿਦੇਸ਼ਾਂ ਵਿੱਚ ਆਈਐਸਆਈਐਸ ਨਾਲ ਸਬੰਧਤ ਹਿੰਸਾ ਵਿੱਚ ਹਿੱਸਾ ਲੈਣ ਤੋਂ ਬਾਅਦ ਕੈਨੇਡਾ ਵਿੱਚ ਆਵਾਸ ਕਰ ਗਿਆ ਸੀ। ਜਿਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਸੁਣਵਾਈ ਲਈ ਕਾਲਾਂ ਦੀ ਅਗਵਾਈ ਕੀਤੀ ਹੈ, ਇਸ ਗੱਲ ਦੀ ਸਪੱਸ਼ਟਤਾ ਦੀ ਮੰਗ ਕਰਦੇ ਹੋਏ ਕਿ ਇਹਨਾਂ ਵਿਅਕਤੀਆਂ ਨੂੰ ਦੇਸ਼ ਵਿੱਚ ਕਿਵੇਂ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ, ਅਤੇ ਨਾਲ ਹੀ ਐਨਡੀਪੀ ਨੇ ਵੀ ਹੋਰ ਸਮਾਨ ਮਾਮਲਿਆਂ ਵਿੱਚ ਇੱਕ ਵਿਸਤ੍ਰਿਤ ਜਾਂਚ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲ-ਬਲੈਂਕ ਸਮੇਤ ਫੈਡਰਲ ਸਰਕਾਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਜਿਸ ਦੀ ਅੰਦਰੂਨੀ ਸਮੀਖਿਆ ਪਹਿਲਾਂ ਹੀ ਚੱਲ ਰਹੀ ਹੈ।