28 ਅਕਤੂਬਰ 2024: ਬੀਤੀ ਦੇਰ ਸ਼ਾਮ ਇੱਕੋ ਸਮੇਂ 3 ਪੁੱਤਰਾਂ ਦੇ ਜਨਮ ਦੇਣ ਤੋਂ ਬਾਅਦ 24 ਸਾਲ ਦੀ ਨੌਜਵਾਨ ਮਾਂ ਦੀ ਵੀ ਮੌਤ ਹੋ ਜਾਨ ਦੀ ਖ਼ਬਰ ਸਾਹਮਣੇ ਆਈ ਹੈ, ਦੱਸ ਦੇਈਏ ਕਿ ਆਪਣੇ ਤਿੰਨ ਪੁੱਤਰਾਂ ਦੀ ਮੌਤ ਤੋਂ ਕਰੀਬ 6 ਘੰਟੇ ਬਾਅਦ ਮਾਂ ਦੀ ਵੀ ਮੌਤ ਹੋ ਜਾਂਦੀ ਹੈ|
ਦੱਸ ਦੇਈਏ ਕਿ ਇਸ ਦੁਖਦਾਇਕ ਖ਼ਬਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਅੱਜ ਦੁਪਹਿਰ ਤਿੰਨੇ ਪੁੱਤਰਾ ਸਣੇ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ ਹੈ।
ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦਸਿਆ ਕਿ ਮੇਰੇ ਚਚੇਰੇ ਭਰਾ ਹਸਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ (24) ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਂਹ ਲੈਣ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜਿਸ ਕਰਕੇ ਪਰਿਵਾਰ ਵਲੋਂ ਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਦੇਰ ਸ਼ਾਮ ਕਰੀਬ 7.30 ਵਜੇ ਡਾਕਟਰਾਂ ਨੇ ਉਸ ਦਾ ਅਪ੍ਰੇਸ਼ਨ ਕਰਕੇ 3 ਪੁੱਤਰਾਂ ਨੂੰ ਜਨਮ ਦਿਵਾਇਆ, ਜਿਨ੍ਹਾਂ ਵਿਚੋਂ 2 ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਸਰੇ ਪੁੱਤਰ ਨੇ ਵੀ 4-5 ਮਿੰਟ ਔਖੇ ਸਾਹ ਲੈਣ ਤੋਂ ਬਾਅਦ ਦਮ ਤੋੜ ਦਿਤਾ। ਪੁੱਤਰਾਂ ਦੀ ਮੌਤ ਤੋਂ 6 ਘੰਟੇ ਬਾਅਦ ਰਾਤ ਦੇ ਕਰੀਬ 2 ਵਜੇ ਮੇਰੀ ਭਰਜਾਈ ਮਨਦੀਪ ਕੌਰ (24) ਨੇ ਵੀ ਦਮ ਤੋੜ ਦਿਤਾ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਚੰਗੇ ਸੁਭਾਅ ਵਾਲੀ ਔਰਤ ਸੀ। ਉਸ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।