ਤਲਾਕ ਤੋਂ ਪ੍ਰੇਸ਼ਾਨ ਵਿਅਕਤੀ ਨੇ ਚੀਨ ਵਿਚ ਹਾਦਸੇ ਨੂੰ ਦਿੱਤਾ ਅੰਜਾਮ: 35 ਦੀ ਮੌਤ, 43 ਜ਼ਖਮੀ। ਚੀਨ ਦੇ ਜ਼ੁਹਾਈ ਸ਼ਹਿਰ ਵਿੱਚ ਬੀਤੀ ਸੋਮਵਾਰ ਰਾਤ ਨੂੰ ਇੱਕ 62 ਸਾਲਾ ਵਿਅਕਤੀ ਨੇ ਬੇਕਾਬੂ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 35 ਲੋਕਾਂ ਦੀ ਮੌਤ ਹੋ ਗਈ ਅਤੇ 43 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਮੁਲਜ਼ਮ ਫੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੱਸਿਆ ਹੈ ਕਿ ਉਸ ਨੇ ਤਲਾਕ ਅਤੇ ਜਾਇਦਾਦ ਦੀ ਵੰਡ ਨਾਲ ਜੁੜੇ ਤਣਾਅ ਕਾਰਨ ਇਹ ਕਦਮ ਚੁੱਕਿਆ।ਇਹ ਘਟਨਾ ਸ਼ਹਿਰ ਦੇ ਇੱਕ ਸਪੋਰਟਸ ਸੈਂਟਰ ਨੇੜੇ ਵਾਪਰੀ, ਜਿੱਥੇ ਲੋਕ ਕਸਰਤ ਕਰਨ ਲਈ ਮੌਜੂਦ ਸੀ। ਫੈਨ ਦੀ ਗ੍ਰਿਫ਼ਤਾਰੀ ਦੌਰਾਨ ਉਸ ਦੇ ਕੋਲੋਂ ਚਾਕੂ ਵੀ ਬਰਾਮਦ ਹੋਇਆ ਅਤੇ ਉਸ ਦੀ ਗਰਦਨ ’ਤੇ ਖੁਦ ਨੂੰ ਪਹੁੰਚਾਏ ਗਏ ਨੁਕਸਾਨ ਦੇ ਨਿਸ਼ਾਨ ਮਿਲੇ। ਜਦੋਂ ਪੁਲਿਸ ਨੇ ਵਿਅਕਤੀ ਨੂੰ ਫੜਿਆ ਉਹ ਉਸ ਵੇਲੇ ਬੇਹੋਸ਼ ਸੀ ਅਤੇ ਅਜੇ ਵੀ ਹਸਪਤਾਲ ਵਿੱਚ ਇਲਾਜਧੀਨ ਹੈ।ਇਸ ਦੌਰਾਨ ਚੀਨ ਸਰਕਾਰ ਨੇ ਫੌਜ ਦੀ ਪ੍ਰਦਰਸ਼ਨੀ ਦੌਰਾਨ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਨੂੰ ਸੈਂਸਰ ਕਰ ਦਿੱਤਾ, ਜਿਸ ਕਰਕੇ ਚੀਨੀ ਮੀਡੀਆ ਤੋਂ ਕਈ ਲੇਖ ਹਟਾ ਦਿੱਤੇ ਗਏ। ਹਾਲਾਂਕਿ, ਇਸ ਹਾਦਸੇ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ, ਜਿਨ੍ਹਾਂ ਵਿੱਚ ਕਈ ਲੋਕਾਂ ਨੂੰ ਸੜਕ ’ਤੇ ਜ਼ਖ਼ਮੀ ਦਿਖਾਇਆ ਗਿਆ ਹੈ।