ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਐਤਵਾਰ ਨੂੰ 34 ਦਿਨ ਪੂਰੇ ਹੋ ਗਏ | ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਹੈ, ਜਿਸ ਕਾਰਨ ਉਨ੍ਹਾਂ ਨੂੰ ਗੱਲ ਕਰਨ ਵਿੱਚ ਵੀ ਮੁਸ਼ਕਲ ਆ ਰਹੀ ਹੈ। ਉਸ ਦੀ ਹਾਲਤ ਦਿਨੋਂ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ। ਕਿਸਾਨਾਂ ਨੇ ਟਰਾਂਸਪੋਰਟ, ਮੁਲਾਜ਼ਮਾਂ, ਵਪਾਰੀਆਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਸਮਰਥਨ ਦਾ ਦਾਅਵਾ ਕਰਦੇ ਹੋਏ ਸੋਮਵਾਰ (30 ਦਸੰਬਰ) ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨ ਮਹਾਪੰਚਾਇਤ 4 ਜਨਵਰੀ ਨੂੰ ਖਨੌਰੀ ਬਾਰਡਰ ‘ਤੇ ਬੁਲਾਈ ਗਈ ਹੈ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਗਾਂਧੀਵਾਦੀ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਭੁੱਖ ਹੜਤਾਲ ‘ਤੇ ਬੈਠੇ ਡੱਲੇਵਾਲ ਨੂੰ ਸਰਕਾਰ ਜਬਰੀ ਹਟਾਉਣਾ ਚਾਹੁੰਦੀ ਹੈ। ਕਿਸਾਨ ਆਗੂ ਕੋਹਾੜ ਨੇ ਕਿਹਾ ਕਿ ਐਮਐਸਪੀ ਗਾਰੰਟੀ ਲਈ ਸਾਡਾ ਅੰਦੋਲਨ ਫੈਸਲਾਕੁੰਨ ਪੜਾਅ ’ਤੇ ਪਹੁੰਚ ਗਿਆ ਹੈ। ਡੱਲੇਵਾਲ ਨੇ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ ਹੈ। ਹੁਣ ਇਹ ਦੇਸ਼ ਦੇ ਲੋਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਘਰ ਬੈਠਦੇ ਹਨ ਜਾਂ ਵੱਡੀ ਗਿਣਤੀ ‘ਚ ਖਨੌਰੀ ਮੋਰਚੇ ‘ਚ ਪਹੁੰਚਦੇ ਹਨ।