ਡੈਨਮਾਰਕ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ‘ਤੇ ਕੋਪੇਨਹੇਗਨ ‘ਚ ਇਕ ਵਿਅਕਤੀ ਨੇ ਅਚਾਨਕ ਹਮਲਾ ਕਰ ਦਿੱਤਾ। ਸਮਾਚਾਰ ਏਜੰਸੀ ਰਿਟਜ਼ਾਊ ਦੀ ਰਿਪੋਰਟ ਮੁਤਾਬਕ ਦੋਸ਼ੀ ਨੇ ਪਿੱਛੇ ਤੋਂ ਆ ਕੇ ਫਰੈਡਰਿਕਸਨ ਨੂੰ ਜ਼ੋਰ ਨਾਲ ਧੱਕਾ ਦਿੱਤਾ। ਇਸ ਨਾਲ ਉਸ ਨੂੰ ਠੋਕਰ ਲੱਗ ਗਈ। ਹਾਲਾਂਕਿ ਕੋਪਨਹੇਗਨ ਪੁਲਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਹਮਲਾ ਯੂਰਪੀਅਨ ਯੂਨੀਅਨ (ਈਯੂ) ਦੀਆਂ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਹੈ। ਈਯੂ ਦੀਆਂ ਚੋਣਾਂ 9 ਜੂਨ ਨੂੰ ਹੋਣੀਆਂ ਹਨ। ਡੈਨਮਾਰਕ ਦੇ ਪ੍ਰਧਾਨ ਮੰਤਰੀ ਫਰੈਡਰਿਕਸਨ ਸੋਸ਼ਲ ਡੈਮੋਕਰੇਟਸ ਦੇ ਈਯੂ ਲੀਡ ਉਮੀਦਵਾਰ ਕ੍ਰਿਸਟਲ ਸ਼ੈਲਡੇਮੋਸ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਘਟਨਾ ਦੇ ਸਮੇਂ ਉਹ ਚੋਣ ਪ੍ਰਚਾਰ ਤੋਂ ਪਰਤ ਰਹੀ ਸੀ।
ਡੈਨਮਾਰਕ ਦੇ ਰਾਜ ਪ੍ਰਸਾਰਕ ਡੀਆਰ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਫਰੈਡਰਿਕਸਨ ਹਮਲੇ ਤੋਂ ਸਦਮੇ ਵਿੱਚ ਹਨ। ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਦੂਜੇ ਪਾਸਿਓਂ ਇਕ ਵਿਅਕਤੀ ਆਇਆ ਅਤੇ ਪ੍ਰਧਾਨ ਮੰਤਰੀ ਦੇ ਸਾਥੀ ਨੂੰ ਮੋਢੇ ‘ਤੇ ਜ਼ੋਰ ਨਾਲ ਧੱਕਾ ਦਿੱਤਾ। ਧੱਕਾ ਬਹੁਤ ਜ਼ੋਰਦਾਰ ਸੀ, ਪਰ ਉਹ ਡਿੱਗਣ ਤੋਂ ਬਚ ਗਈ। ਇਸ ਤੋਂ ਬਾਅਦ ਉਹ ਇੱਕ ਕੈਫੇ ਵਿੱਚ ਬੈਠ ਗਈ।