ਮੀਡੀਆ ਰਿਪੋਰਟਾਂ ਮੁਤਾਬਕ ਵੱਕਾਰੀ ਟਾਈਮ ਮੈਗਜ਼ੀਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਰਸਨ ਆਫ ਦਿ ਈਅਰ ਚੁਣ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਚੋਣ ਪ੍ਰਕਿਰਿਆ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ‘ਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਬਹੁਤ ਹੀ ਧਰੁਵੀਕਰਨ ਵਾਲੇ ਮਾਹੌਲ ਵਿੱਚ ਹੋਈ ਅਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਚੋਣ ਉੱਤੇ ਟਿਕੀਆਂ ਹੋਈਆਂ ਸਨ। ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਕਰੀਬੀ ਮੁਕਾਬਲਾ ਹੋਵੇਗਾ ਪਰ ਚੋਣ ਨਤੀਜਿਆਂ ‘ਚ ਟਰੰਪ ਨੇ ਕਮਲਾ ਹੈਰਿਸ ਨੂੰ ਆਸਾਨੀ ਨਾਲ ਹਰਾ ਦਿੱਤਾ।
ਟਰੰਪ ਨੂੰ ਸਾਲ 2016 ‘ ਚ ਵੀ ‘ਪਰਸਨ ਆਫ ਦਿ ਈਅਰ’ ਚੁਣਿਆ ਗਿਆ ਹੈ। ਇਸ ਤੋਂ ਬਾਅਦ 2020 ਵਿੱਚ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਸਾਲ ਦਾ ਸਰਵੋਤਮ ਵਿਅਕਤੀ ਚੁਣਿਆ ਗਿਆ। ਪਿਛਲੇ ਸਾਲ ਪੌਪ ਸਟਾਰ ਟੇਲਰ ਸਵਿਫਟ ਨੂੰ ਇਹ ਸਨਮਾਨ ਦਿੱਤਾ ਗਿਆ ਸੀ। ਹੁਣ ਇਸ ਸਾਲ ਡੋਨਾਲਡ ਟਰੰਪ ਨੂੰ ਇਹ ਖਿਤਾਬ ਦਿੱਤੇ ਜਾਣ ਦੀ ਚਰਚਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਟਰੰਪ ਨਿਊਯਾਰਕ ਸਟਾਕ ਐਕਸਚੇਂਜ ਦੀ ਸ਼ੁਰੂਆਤੀ ਘੰਟੀ ਵੀ ਵਜਾਉਣਗੇ। ਦੁਨੀਆ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ, ਨਿਊਯਾਰਕ ਵਿਖੇ ਵਪਾਰਕ ਦਿਨ ਦੀ ਸ਼ੁਰੂਆਤ ਜਾਂ ਸਮਾਪਤੀ ਨੂੰ ਦਰਸਾਉਣ ਲਈ ਘੰਟੀ ਵਜਾਈ ਜਾਂਦੀ ਹੈ। ਇਹ ਕਿਸੇ ਵੀ ਵਿਅਕਤੀ ਲਈ ਬਹੁਤ ਵੱਡਾ ਸਨਮਾਨ ਹੈ। ਟਰੰਪ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ, ਨੈਲਸਨ ਮੰਡੇਲਾ ਅਤੇ ਅਰਨੋਲਡ ਸ਼ਵਾਰਜ਼ਨੇਗਰ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਵੀ ਇਹ ਸਨਮਾਨ ਮਿਲ ਚੁੱਕਾ ਹੈ।