ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਤਿੰਨ ਲੋਕਾਂ ਤੇ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਟੋਰਾਂਟੋ ਦੇ ਰੋਇਲ ਓਨਟੈਰੀਓ ਮਿਊਜ਼ੀਅਮ ਵਿਖੇ ਸਿੱਖ ਫਾਊਂਡੇਸ਼ਨ ਆਫ ਕੈਨੇਡਾ ਗਾਲਾ ਵਿੱਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਭੇਦਭਾਵ ਅਤੇ ਹਿੰਸਾ ਦੀਆਂ ਧਮਕੀਆਂ ਤੋਂ ਮੁਕਤ, ਸੁਰੱਖਿਅਤ ਢੰਗ ਨਾਲ ਰਹਿਣ ਦਾ ਮੌਲਿਕ ਅਧਿਕਾਰ ਹੈ। ਜ਼ਿਕਰਯੋਗ ਹੈ ਕਿ ਨਿੱਝਰ ਨੂੰ ਪਿਛਲੇ ਜੂਨ ਵਿੱਚ ਸਰੀ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਅਤੇ ਉਸਦੀ ਮੌਤ ਨੇ ਭਾਰਤ ਦੇ ਡਿਪਲੋਮੈਟਾਂ ਦੇ ਖਿਲਾਫ ਸਥਾਨਕ ਭਾਈਚਾਰਿਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ ਦੀ ਇੱਕ ਲਹਿਰ ਸ਼ੁਰੂ ਕਰ ਦਿੱਤੀ ਸੀ। ਦੱਸਦਈਏ ਕਿ ਤਿੰਨ ਭਾਰਤੀ ਨਾਗਰਿਕਾਂ ‘ਤੇ 2023 ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਘਟਨਾ ਨੇ ਓਟਾਵਾ ਦੇ ਭਾਰਤ ਨਾਲ ਸਬੰਧਾਂ ਨੂੰ ਵਿਗਾੜ ਦਿੱਤਾ ਸੀ। ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ, ਕੀ ਭਾਰਤ ਸਰਕਾਰ ਇਸ ਵਿੱਚ ਸ਼ਾਮਲ ਸੀ, ਕਿਉਂਕਿ ਟਰੂਡੋ ਦੁਆਰਾ ਪਿਛਲੇ ਸਾਲ ਹਾਊਸ ਆਫ ਕਾਮਨਜ਼ ਵਿੱਚ ਇਹ ਦੋਸ਼ ਲਾਇਆ ਗਿਆ ਸੀ ਇਸ ਕਤਲ ਵਿੱਚ ਭਾਰਤ ਦਾ ਹੱਥ ਹੈ। ਅਤੇ ਸਿੱਖ ਫਾਉਂਡੇਸ਼ਨ ਕੈਨੇਡਾ ਵਿੱਚ ਆਪਣੇ ਭਾਸ਼ਣ ਦੌਰਾਨ ਟਰੂਡੋ ਨੇ ਲੋਕਤੰਤਰੀ ਸਿਧਾਂਤਾਂ ਅਤੇ ਨਿਆਂ ਪ੍ਰਣਾਲੀ ਪ੍ਰਤੀ ਵਚਨਬੱਧਤਾ ਵਿੱਚ ਸ਼ਾਂਤ ਅਤੇ ਦ੍ਰਿੜ ਰਹਿਣ ਦਾ ਸੱਦਾ ਦਿੱਤਾ।