BTV BROADCASTING

ਜੰਮੂ-ਕਸ਼ਮੀਰ ਦੀਆਂ 40 ਸੀਟਾਂ ‘ਤੇ ਭਲਕੇ ਵੋਟਿੰਗ

ਜੰਮੂ-ਕਸ਼ਮੀਰ ਦੀਆਂ 40 ਸੀਟਾਂ ‘ਤੇ ਭਲਕੇ ਵੋਟਿੰਗ

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਤੀਜੇ ਪੜਾਅ ‘ਚ ਭਲਕੇ ਮੰਗਲਵਾਰ (1 ਅਕਤੂਬਰ) ਨੂੰ 7 ਜ਼ਿਲਿਆਂ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਵਿੱਚ 39.18 ਲੱਖ ਵੋਟਰ ਸ਼ਾਮਲ ਹੋਣਗੇ।

ਤੀਜੇ ਪੜਾਅ ਦੀਆਂ 40 ਸੀਟਾਂ ਵਿੱਚੋਂ 24 ਜੰਮੂ ਡਿਵੀਜ਼ਨ ਦੀਆਂ ਅਤੇ 16 ਕਸ਼ਮੀਰ ਘਾਟੀ ਦੀਆਂ ਹਨ। ਚੋਣ ਕਮਿਸ਼ਨ ਮੁਤਾਬਕ ਆਖਰੀ ਪੜਾਅ ‘ਚ 415 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ 387 ਪੁਰਸ਼ ਅਤੇ 28 ਮਹਿਲਾ ਉਮੀਦਵਾਰ ਹਨ।

ਤੀਜੇ ਪੜਾਅ ਵਿੱਚ 169 ਉਮੀਦਵਾਰ ਕਰੋੜਪਤੀ ਹਨ ਅਤੇ 67 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਜੰਮੂ ਦੇ ਨਗਰੋਟਾ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਸਿੰਘ ਰਾਣਾ ਕੋਲ ਸਭ ਤੋਂ ਵੱਧ 126 ਕਰੋੜ ਰੁਪਏ ਦੀ ਜਾਇਦਾਦ ਹੈ।

ਇਸ ਪੜਾਅ ਵਿੱਚ ਸੰਸਦ ਹਮਲੇ ਦੇ ਮਾਸਟਰਮਾਈਂਡ ਅਫਜ਼ਲ ਗੁਰੂ ਦਾ ਵੱਡਾ ਭਰਾ ਏਜਾਜ਼ ਅਹਿਮਦ ਗੁਰੂ ਵੀ ਚੋਣ ਮੈਦਾਨ ਵਿੱਚ ਹੈ। ਏਜਾਜ਼ ਗੁਰੂ ਸੋਪੋਰ ਸੀਟ ਤੋਂ ਆਜ਼ਾਦ ਉਮੀਦਵਾਰ ਹਨ।

ਇੰਜੀਨੀਅਰ ਰਸ਼ੀਦ ਦੇ ਭਰਾ ਖੁਰਸ਼ੀਦ ਅਹਿਮਦ ਸ਼ੇਖ ਉੱਤਰੀ ਕਸ਼ਮੀਰ ਦੀ ਲੰਗੇਟ ਸੀਟ ਤੋਂ ਚੋਣ ਲੜ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਮੁਜ਼ੱਫਰ ਹੁਸੈਨ ਬੇਗ ਬਾਰਾਮੂਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

18 ਸਤੰਬਰ ਨੂੰ ਪਹਿਲੇ ਪੜਾਅ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਈ ਸੀ। ਇਸ ਦੌਰਾਨ 61.38 ਫੀਸਦੀ ਵੋਟਿੰਗ ਹੋਈ। 25 ਸਤੰਬਰ ਨੂੰ 6 ਜ਼ਿਲਿਆਂ ਦੀਆਂ 26 ਵਿਧਾਨ ਸਭਾ ਸੀਟਾਂ ‘ਤੇ 57.31 ਫੀਸਦੀ ਵੋਟਿੰਗ ਹੋਈ ਸੀ।

Related Articles

Leave a Reply