ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੰਗਲਾਦੇਸ਼ ਦੀ ਤਾਜ਼ਾ ਸਥਿਤੀ ‘ਤੇ ਮੰਗਲਵਾਰ ਨੂੰ ਰਾਜ ਸਭਾ ‘ਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਸਰਕਾਰ ਉਥੋਂ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਬੰਗਲਾਦੇਸ਼ ‘ਚ ਲੋਕ ਸੜਕਾਂ ‘ਤੇ ਹਨ। ਉਥੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਵੀ ਹਮਲਾ ਕੀਤਾ, ਜਿਸ ਤੋਂ ਬਾਅਦ ਸਥਿਤੀ ਵਿਗੜ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਅਸਤੀਫੇ ਤੋਂ ਬਾਅਦ ਸ਼ੇਖ ਹਸੀਨਾ ਨੇ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਦੇ ਆਉਣ ਦੇ ਪ੍ਰਬੰਧ ਕੀਤੇ।
ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਬੰਗਲਾਦੇਸ਼ ਵਿੱਚ ਆਪਣੇ ਨਾਗਰਿਕਾਂ ਦੇ ਸੰਪਰਕ ਵਿੱਚ ਹੈ। ਇਸ ਸਮੇਂ ਉਥੇ ਲਗਭਗ 19 ਹਜ਼ਾਰ ਭਾਰਤੀ ਮੌਜੂਦ ਹਨ, ਜਿਨ੍ਹਾਂ ਵਿਚੋਂ 9000 ਵਿਦਿਆਰਥੀ ਹਨ। ਉਥੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬੰਗਲਾਦੇਸ਼ ਮੁੱਦੇ ‘ਤੇ ਰਾਜ ਸਭਾ ‘ਚ ਜੈਸ਼ੰਕਰ ਦੇ ਦੋ ਵੱਡੇ ਬਿਆਨ…
ਢਾਕਾ ਦੇ ਭਾਰਤੀ ਹਾਈ ਕਮਿਸ਼ਨਰ ਅਤੇ ਚਟਗਾਂਵ ਦੇ ਐਸੋਸੀਏਟ ਹਾਈ ਕਮਿਸ਼ਨਰ ਸਾਨੂੰ ਲਗਾਤਾਰ ਰਿਪੋਰਟਾਂ ਭੇਜ ਰਹੇ ਹਨ। ਅਸੀਂ ਬੰਗਲਾਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਪਿਛਲੇ 24 ਘੰਟਿਆਂ ਦੌਰਾਨ ਉੱਥੇ ਬਹੁਤ ਕੁਝ ਬਦਲਿਆ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਅਸੀਂ ਇਸ ਮੁੱਦੇ ‘ਤੇ ਸਦਨ ਤੋਂ ਸਹਿਯੋਗ ਚਾਹੁੰਦੇ ਹਾਂ।
ਬੰਗਲਾਦੇਸ਼ ਸਾਡੇ ਬਹੁਤ ਨੇੜੇ ਹੈ। ਉਥੇ ਜਨਵਰੀ ਤੋਂ ਹੀ ਤਣਾਅ ਹੈ। ਬੰਗਲਾਦੇਸ਼ ਵਿੱਚ ਜੂਨ-ਜੁਲਾਈ ਵਿੱਚ ਹਿੰਸਾ ਹੋਈ ਸੀ। ਅਸੀਂ ਉਥੋਂ ਦੀਆਂ ਸਿਆਸੀ ਪਾਰਟੀਆਂ ਦੇ ਸੰਪਰਕ ਵਿੱਚ ਸੀ। ਉਥੇ ਘੱਟ ਗਿਣਤੀਆਂ ‘ਤੇ ਹਮਲੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹਨ। ਸ਼ੇਖ ਹਸੀਨਾ ਫਿਲਹਾਲ ਭਾਰਤ ‘ਚ ਹੈ। ਅਸੀਂ ਭਾਰਤੀ ਭਾਈਚਾਰੇ ਦੇ ਸੰਪਰਕ ਵਿੱਚ ਹਾਂ। ਬਹੁਤ ਸਾਰੇ ਵਿਦਿਆਰਥੀ ਵਾਪਸ ਆ ਗਏ ਹਨ। ਅਸੀਂ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਾਂਗੇ।