9 ਮਹੀਨੇ ਪਹਿਲਾਂ ਜਾਰਜੀਆ ਗਏ ਸੁਨਾਮ ਦੇ ਜੋੜੇ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮੌਤ ਦੀ ਖਬਰ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਲਾਸ਼ ਨੂੰ ਤੁਰੰਤ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੁਹੱਲਾ ਕੋਕੋਮਾਜਰੀ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਮਾਰਚ ਮਹੀਨੇ ਜਾਰਜੀਆ ਗਏ ਸਨ। ਦੋਵੇਂ ਉਥੇ ਪਹਾੜੀ ‘ਤੇ ਸਥਿਤ ਇਕ ਪੰਜਾਬੀ ਦੀ ਮਲਕੀਅਤ ਵਾਲੇ ਭਾਰਤੀ ਰੈਸਟੋਰੈਂਟ (ਸਕਾਈ ਰਿਜ਼ੋਰਟ) ਵਿਚ ਕੰਮ ਕਰਦੇ ਸਨ। ਰਵਿੰਦਰ ਸਿੰਘ ਦੇ ਮਾਮਾ ਕੁਲਦੀਪ ਸਿੰਘ (ਵਾਵਾ ਕੈਂਚੀਆਂ) ਨੇ ਦੱਸਿਆ ਕਿ ਉਨ੍ਹਾਂ ਨੂੰ ਜਾਰਜੀਆ ਤੋਂ ਸੂਚਨਾ ਮਿਲੀ ਹੈ ਕਿ ਤੂਫਾਨ ਕਾਰਨ ਰੈਸਟੋਰੈਂਟ ਦੀਆਂ ਲਾਈਟਾਂ ਬੰਦ ਹੋ ਗਈਆਂ ਸਨ ਅਤੇ ਕੰਮ ਖਤਮ ਕਰਕੇ ਰਾਤ ਨੂੰ ਸਾਰੇ ਕਰਮਚਾਰੀ ਉਥੇ ਹੀ ਸੌਂ ਗਏ ਸਨ। ਇੱਕ ਜਨਰੇਟਰ ਤੋਂ ਹੀਟਰ ਚੱਲ ਰਿਹਾ ਸੀ ਅਤੇ ਇਸ ਦੀ ਗੈਸ ਕਾਰਨ ਉੱਥੇ ਸੌਂ ਰਹੇ 12 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਅਗਲੇ ਦਿਨ ਇਕ ਕਰਮਚਾਰੀ ਸਾਮਾਨ ਲੈ ਕੇ ਉਥੇ ਪਹੁੰਚਿਆ। ਰੈਸਟੋਰੈਂਟ ਬੰਦ ਦੇਖ ਕੇ ਉਸ ਨੇ ਮਾਲਕ ਨੂੰ ਸੂਚਨਾ ਦਿੱਤੀ। ਜਾਰਜੀਆ ਸਰਕਾਰ ਨੇ ਵੀ ਇਸ ਹਾਦਸੇ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ।