ਜਾਰਜਾ ਕੈਮੀਕਲ ਪਲਾਂਟ ਦੀ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕੀਤਾ ਮਜਬੂਰ।ਅਟਲਾਂਟਾ, ਜਾਰਜੀਆ ਨੇੜੇ ਇੱਕ ਕੈਮੀਕਲ ਪਲਾਂਟ ਵਿੱਚ ਅੱਗ ਲੱਗਣ ਕਾਰਨ ਖਤਰਨਾਕ ਧੂੰਏਂ ਦੇ ਫੈਲਣ ਕਾਰਨ 90,000 ਤੋਂ ਵੱਧ ਲੋਕਾਂ ਨੂੰ ਘਰ ਦੇ ਅੰਦਰ ਪਨਾਹ ਲਈ ਮਜਬੂਰ ਹੋਣਾ ਪਿਆ। ਜਾਣਕਾਰੀ ਮੁਤਾਬਕ ਹਵਾ ਵਿੱਚ ਹਾਨੀਕਾਰਕ ਰਸਾਇਣਾਂ ਤੋਂ ਬਚਣ ਲਈ ਨਿਵਾਸੀਆਂ ਨੂੰ ਅੰਦਰ ਰਹਿਣ, ਆਪਣੀਆਂ ਖਿੜਕੀਆਂ ਬੰਦ ਕਰਨ ਅਤੇ ਏਅਰ ਕੰਡੀਸ਼ਨਿੰਗ ਬੰਦ ਕਰਨ ਲਈ ਕਿਹਾ ਗਿਆ ਹੈ। ਦੱਸਦਈਏ ਕਿ ਕੋਨੀਅਰਜ਼ ਵਿੱਚ ਬਾਇਓਲੈਬ ਪਲਾਂਟ ਵਿੱਚ ਲੱਗੀ ਅੱਗ ਨੇ ਹਵਾ ਵਿੱਚ ਕਲੋਰੀਨ ਛੱਡ ਦਿੱਤੀ, ਜੋ ਸਾਹ ਲੈਣ ਵੇਲੇ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। ਇਹ ਅੱਗ ਐਤਵਾਰ ਤੜਕੇ ਕੈਮੀਕਲ ਨਾਲ ਮਿਲਾਏ ਸਪ੍ਰਿੰਕਲਰ ਦੀ ਖਰਾਬੀ ਤੋਂ ਬਾਅਦ ਸ਼ੁਰੂ ਹੋਈ, ਜਿਸ ਨਾਲ ਬਹੁਤ ਵੱਡਾ ਧੂੰਆਂ ਫੈਲਦਾ ਦੇਖਿਆ ਗਿਆ। ਹਾਲਾਂਕਿ ਪਲਾਂਟ ਦੇ ਨੇੜੇ ਦੇ ਕੁਝ ਖੇਤਰਾਂ ਨੂੰ ਖਾਲੀ ਕਰ ਦਿੱਤਾ ਗਿਆ ਸੀ, ਅਤੇ ਕਈ ਸਕੂਲਾਂ ਨੇ ਸੁਰੱਖਿਆ ਉਪਾਅ ਵਜੋਂ ਬਾਹਰੀ ਗਤੀਵਿਧੀਆਂ ਨੂੰ ਰੱਦ ਕਰ ਦਿੱਤਾ ਸੀ। ਫਾਇਰਫਾਈਟਰਜ਼ ਅਤੇ ਅਧਿਕਾਰੀ ਅਟਲਾਂਟਾ ਅਤੇ ਨੇੜਲੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰ ਰਹੇ ਹਨ, ਪਰ ਅਜੇ ਤੱਕ ਕੋਈ ਵੱਡਾ ਸਿਹਤ ਨੂੰ ਹੋਣ ਵਾਲੇ ਖਤਰੇ ਦਾ ਪ੍ਰਮਾਣ ਨਹੀਂ ਮਿਲਿਆ ਹੈ। ਰਿਪੋਰਟ ਮੁਤਾਬਕ BioLab, ਇੱਕ ਕੰਪਨੀ ਜੋ ਪੂਲ ਅਤੇ ਸਪਾ ਉਤਪਾਦ ਬਣਾਉਂਦੀ ਹੈ, ਸਥਿਤੀ ਨੂੰ ਕੰਟਰੋਲ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਹਾਲਾਂਕਿ ਐਤਵਾਰ ਦੁਪਹਿਰ ਨੂੰ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਪਰ ਇਲਾਕੇ ਦੀ ਨਿਗਰਾਨੀ ਅਤੇ ਸਫ਼ਾਈ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ।