ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਵਾਰਡ 1 ਵਿਚ ਸੀਵਰੇਜ ਅਤੇ ਵਾਟਰ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ’ਤੇ ਕਰੀਬ 64 ਲੱਖ ਰੁਪਏ ਖਰਚ ਕੀਤੇ ਜਾਣਗੇ। ਵਿਧਾਇਕ ਬੱਗਾ ਨੇ ਦੱਸਿਆ ਕਿ ਧਰਮ ਹੌਜ਼ਰੀ ਕੰਪਲੈਕਸ ਵਿੱਚ 100 ਤੋਂ ਵੱਧ ਹੌਜ਼ਰੀ ਫੈਕਟਰੀਆਂ ਹਨ, ਜਿਨ੍ਹਾਂ ਵਿੱਚੋਂ ਹਰ ਇੱਕ ਵਿੱਚ 200 ਤੋਂ ਵੱਧ ਕਾਰੀਗਰ ਕੰਮ ਕਰਦੇ ਹਨ। ਹੌਜ਼ਰੀ ਉਦਯੋਗ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਲਿਆਂਦੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਹਿਲਾਂ ਹੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਵਾਰਡ ਨੰਬਰ 1 ਦੇ ਹੌਜ਼ਰੀ ਨਿਰਮਾਤਾਵਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਸੀਵਰੇਜ ਅਤੇ ਵਾਟਰ ਸਪਲਾਈ ਪ੍ਰਾਜੈਕਟ ’ਤੇ ਕਰੀਬ 64 ਲੱਖ ਰੁਪਏ ਖਰਚ ਆਉਣਗੇ ਅਤੇ ਅਗਲੇ 15 ਦਿਨਾਂ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਬੱਗਾ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਛੜੇ ਖੇਤਰਾਂ ਦੇ ਵਿਕਾਸ ਲਈ ਬਹੁਤ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ।