6 ਮਾਰਚ 2024: ਚੰਡੀਗੜ੍ਹ ਨਗਰ ਨਿਗਮ ਦੀ ਅੱਜ ਬਜਟ ਸੈਸ਼ਨ 2024-2025 ਲਈ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ| ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਗਠਜੋੜ ਦੇ ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਇਹ ਪਹਿਲੀ ਮੀਟਿੰਗ ਹੋਣੀ ਸੀ| ਇਸ ਮੀਟਿੰਗ ਵਿੱਚ ਕਰੀਬ 2500 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾਣਾ ਸੀ| ਪਰ ਇਸ ਤੋਂ ਪਹਿਲਾਂ ਹੀ ਵਿਵਾਦ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ| ਭਾਜਪਾ ਨੇਤਾਵਾਂ ਨੇ ਕਿਹਾ ਕਿ ਵਿੱਤ ਅਤੇ ਠੇਕਾ ਕਮੇਟੀ (F&CC) ਵਿੱਚ ਬਜਟ ‘ਤੇ ਚਰਚਾ ਕੀਤੇ ਬਗੈਰ ਬਜਟ ਨੂੰ ਸਿੱਧਾ ਸਦਨ ਵਿੱਚ ਲਿਆਉਣਾ ਨਿਯਮਾਂ ਦੇ ਵਿਰੁੱਧ ਹੈ| ਭਾਜਪਾ ਕੌਂਸਲਰਾਂ ਨੇ ਮੀਟਿੰਗ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ ਕੀਤੀ ਸੀ ਅਤੇ ਮੀਟਿੰਗ ਰੋਕਣ ਦੀ ਮੰਗ ਕੀਤੀ ਸੀ|