ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਦੀ ਅਗਵਾਈ ਹੇਠ ਅੱਜ ਔਰਤਾਂ, ਮਜ਼ਦੂਰਾਂ ਤੇ ਕਿਸਾਨਾਂ ਦਾ ਵਿਸ਼ਾਲ ਮਾਰਚ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਤੇ ਹੋਰ ਮੰਗਾਂ ਨੂੰ ਲੈ ਕੇ 34 ਸੈਕਟਰ ਤੋਂ ਲੈ ਕੇ ਮਟਕਾ ਚੌਕ ਤੱਕ ਚੰਡੀਗੜ੍ਹ ਦੀਆਂ ਸੜਕਾਂ ‘ਤੇ ਕੱਢਿਆ ਗਿਆ। ਇਸ ਮੌਕੇ ਮਾਰਚ ‘ਚ ਸ਼ਾਮਲ ਔਰਤਾਂ ਵੱਲੋਂ ਖੇਤੀ ਸੰਕਟ ਦੀ ਭੇਟ ਚੜ੍ਹ ਕੇ ਖੁਦਕਸ਼ੀਆਂ ਕਰ ਚੁੱਕੇ ਤੇ ਨਸ਼ਿਆਂ ਕਾਰਨ ਜਾਨਾਂ ਗੁਆ ਚੁੱਕੇ ਆਪਣੇ ਪਰਿਵਾਰਿਕ ਜੀਆਂ ਦੀਆਂ ਤਸਵੀਰਾਂ ਹੱਥਾਂ ‘ਚ ਫੜੀਆਂ ਹੋਈਆਂ ਸਨ।
ਇਸ ਮਾਰਚ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਜਥੇਬੰਦੀਆਂ ਦਰਮਿਆਨ ਕੱਲ੍ਹ ਤੋਂ ਰੇੜਕਾ ਬਣਿਆ ਹੋਇਆ ਸੀ। ਪ੍ਰਸ਼ਾਸਨ ਮਾਰਚ ਕਰਨ ਨੂੰ ਕਿਸੇ ਕੀਮਤ ‘ਤੇ ਪ੍ਰਵਾਨਗੀ ਦੇਣ ਲਈ ਤਿਆਰ ਨਹੀਂ ਸੀ ਦੂਜੇ ਪਾਸੇ ਜਥੇਬੰਦੀਆਂ ਦੇ ਨੁਮਾਇੰਦੇ ਮਾਰਚ ਕਰਨ ਦੇ ਆਪਣੇ ਜਮਹੂਰੀ ਹੱਕ ਨੂੰ ਪੁਗਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਸਨ।