BTV BROADCASTING

ਘੱਗਰ ’ਚ ਵਧ ਰਹੇ ਪਾਣੀ ਦੇ ਪੱਧਰ ਨੇ ਕਿਸਾਨਾਂ ਦੇ ਸਾਹ ਸੂਤੇ

ਘੱਗਰ ’ਚ ਵਧ ਰਹੇ ਪਾਣੀ ਦੇ ਪੱਧਰ ਨੇ ਕਿਸਾਨਾਂ ਦੇ ਸਾਹ ਸੂਤੇ

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ(monsoon) ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਘੱਗਰ(Ghagger) ਵਿੱਚ ਪਾਣੀ ਵਧਣ ਕਾਰਨ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਸੰਭਾਵੀ ਹੜ੍ਹ ਦੀ ਚਿੰਤਾ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਹੜ੍ਹਾਂ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲੋਕ ਪਿਛਲੀ ਵਾਰ ਆਏ ਹੜ੍ਹ ਦੇ ਮੰਜ਼ਰ ਨੂੰ ਯਾਦ ਕਰਕੇ ਚਿੰਤਾ ਵਿੱਚ ਹਨ। ਭਾਖੜਾ ਨਹਿਰ(Bhakhra Canal) ਦੇ ਆਰਡੀ 460 ‘ਤੇ ਸਥਿਤ ਘੱਗਰ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਕੇ ਇਸ ਸਮੇਂ ਗੇਜ ਮੁਤਾਬਿਕ ਘੱਗਰ ‘ਚ ਪਾਣੀ 734 ਫੁੱਟ ‘ਤੇ ਚੱਲ ਰਿਹਾ ਹੈ ਜੋ ਕਿ ਮਹਿਕਮੇ ਅਨੁਸਾਰ ਖ਼ਤਰੇ ਦੇ ਨਿਸ਼ਾਨ ਤੋਂ ਅਜੇ 14 ਫੁੱਟ ਹੇਠਾਂ ਹੈ।

ਇਸ ਮੌਕੇ ਸੁਰਜੀਤ ਸਿੰਘ ਮਾਹਲ, ਦਲਬੀਰ ਸਿੰਘ ਰੰਧਾਵਾ, ਫਤਿਹ ਸਿੰਘ ਭੰਗੂ, ਜੈ ਸਿੰਘ ਉਪਲ, ਦਲੀਪ ਸਿੰਘ, ਗੁਰਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਭੰਗੂ, ਪਿਛੋਰਾ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ 11 ਘੰਟਿਆਂ ਵਿੱਚ ਪਾਣੀ ਦਾ ਪੱਧਰ ਵਧਣ, ਪਹਾੜੀ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਦੀ ਚਿੰਤਾ ਵਿੱਚ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹ ਨੂੰ ਮੁੱਖ ਰੱਖਦਿਆਂ ਉਨ੍ਹਾਂ ਆਪਣੇ ਪੱਲਿਓਂ ਪੈਸੇ ਖ਼ਰਚ ਕਰਕੇ ਘੱਗਰ ਦੇ ਬੰਨ੍ਹ ਮਜ਼ਬੂਤ ਕੀਤੇ ਹਨ, ਹੁਣ ਹੋ ਰਹੀ ਕਿਣਮਿਣ ਅਤੇ ਭਾਰੀ ਬਰਸਾਤ ਨੇ ਉਨ੍ਹਾਂ ਵੱਲੋਂ ਮਜ਼ਬੂਤ ਕੀਤੇ ਬੰਨ੍ਹਾਂ ਦੀ ਮਿੱਟੀ ਖੋਰ ਕੇ ਬੰਨ੍ਹ ਕਮਜ਼ੋਰ ਕਰ ਦਿੱਤੇ ਹਨ। ਜੇ ਹੁਣ ਘੱਗਰ ਭਰਦਾ ਹੈ ਤਾਂ ਹੜ੍ਹ ਆਉਣ ਦੀ ਸੰਭਾਵਨਾ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਹੈ ਕਿ ਜੇ ਹੜ੍ਹ ਆਇਆ ਤਾਂ ਕਿਸਾਨ ਬਰਬਾਦ ਹੋ ਜਾਣਗੇ ਕਿਉਂਕਿ ਉਨ੍ਹਾਂ ਦੀਆਂ ਫ਼ਸਲਾਂ ਇਸ ਸਮੇਂ ਨਿੱਸਰ ਰਹੀਆਂ ਹਨ ਅਤੇ ਮੁੜ ਫ਼ਸਲ ਬੀਜਣ ਦਾ ਕੋਈ ਸਮਾਂ ਨਹੀਂ ਬਚਿਆ।

Related Articles

Leave a Reply