25 ਅਕਤੂਬਰ 2024: ਚੱਕਰਵਾਤੀ ਤੂਫਾਨ ਦੇਰ ਰਾਤ 12 ਵਜੇ ਤੋਂ 2 ਵਜੇ ਦਰਮਿਆਨ ਓਡੀਸ਼ਾ ਦੇ ਪੁਰੀ ਦੇ ਤੱਟ ਨਾਲ ਟਕਰਾ ਗਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਤੂਫ਼ਾਨ ਭੀਤਰਕਨਿਕਾ ਨੈਸ਼ਨਲ ਪਾਰਕ ਅਤੇ ਧਮਰਾ ਦੇ ਵਿਚਕਾਰ ਤੱਟਵਰਤੀ ਖੇਤਰ ‘ਤੇ ਪਹੁੰਚ ਗਿਆ। 100 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲ ਰਹੀਆਂ ਹਨ। ਨਾਲ ਹੀ ਭਾਰੀ ਮੀਂਹ ਪੈ ਰਿਹਾ ਹੈ। ਆਈਐਮਡੀ ਭੁਵਨੇਸ਼ਵਰ ਦੇ ਖੇਤਰੀ ਨਿਰਦੇਸ਼ਕ ਮਨੋਰਮਾ ਮੋਹੰਤੀ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਦਿਨ ਭਰ ਉੜੀਸਾ ਵਿੱਚ ਭਾਰੀ ਮੀਂਹ ਪਵੇਗਾ। ਚੱਕਰਵਾਤ ਰਾਤ ਨੂੰ ਕਮਜ਼ੋਰ ਹੋ ਜਾਵੇਗਾ ਅਤੇ ਫਿਰ ਕੇਓਂਝਾਰ ਦੀ ਬਜਾਏ ਢੇਨਕਨਾਲ ਅਤੇ ਅੰਗੁਲ ਜ਼ਿਲ੍ਹਿਆਂ ਵੱਲ ਮੁੜ ਜਾਵੇਗਾ।
ਇੰਨਾ ਹੀ ਨਹੀਂ ਉੜੀਸਾ ਫਾਇਰ ਸਰਵਿਸਿਜ਼ ਦੇ ਦੀਪਕ ਕੁਮਾਰ ਨੇ ਦੱਸਿਆ ਕਿ ਧਮਾਰਾ ‘ਚ ਤੂਫਾਨੀ ਹਵਾਵਾਂ ਕਾਰਨ ਕਈ ਦਰੱਖਤ ਉਖੜ ਗਏ ਹਨ, ਜਿਸ ਕਾਰਨ ਸੜਕ ‘ਤੇ ਜਾਮ ਲੱਗ ਗਿਆ ਹੈ। ਸਭ ਤੋਂ ਪਹਿਲਾਂ ਅਸੀਂ ਨੈਸ਼ਨਲ ਹਾਈਵੇ ਅਤੇ ਹੋਰ ਸੜਕਾਂ ਦੀ ਸਫਾਈ ਕਰਾਂਗੇ। ਫਿਰ ਅਸੀਂ ਰਿਹਾਇਸ਼ੀ ਖੇਤਰਾਂ ਵੱਲ ਵਧਾਂਗੇ।
ਚੱਕਰਵਾਤੀ ਤੂਫ਼ਾਨ ਦਾਨਾ ਦੇ ਪ੍ਰਭਾਵ ਕਾਰਨ ਪੱਛਮੀ ਬੰਗਾਲ ਵਿੱਚ ਮੌਸਮ ਖ਼ਰਾਬ ਹੋ ਗਿਆ ਹੈ, ਜਿਸ ਕਾਰਨ ਰਾਜ ਸਰਕਾਰ ਨੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਵਿੱਚੋਂ 1.59 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਇਨ੍ਹਾਂ ਵਿੱਚੋਂ 83,537 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਨੂੰ ਸਾਵਧਾਨੀ ਦੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਵੀਰਵਾਰ ਸ਼ਾਮ 6 ਵਜੇ ਤੋਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।