ਪੰਜਾਬ ਦੀ ਸਭ ਤੋਂ ਅਹਿਮ ਘਰ-ਘਰ ਰਾਸ਼ਨ ਵੰਡ ਸਕੀਮ ਨੂੰ ਯੂ-ਟਰਨ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਿੱਧਾ ਅਸਰ ਨੌਜਵਾਨਾਂ ਦੇ ਰੁਜ਼ਗਾਰ ‘ਤੇ ਪਿਆ ਹੈ।
ਪੰਜਾਬ ਸਰਕਾਰ ਨੇ ਫਰਵਰੀ 2024 ਵਿੱਚ ਸ਼ੁਰੂ ਕੀਤੀ ਇਸ ਸਕੀਮ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ ਪਰ ਹੁਣ ਇਸ ਸਕੀਮ ਨੂੰ ਯੂ-ਟਰਨ ਕਰਨ ਦੇ ਫੈਸਲੇ ਨੇ ਇਸ ਨਾਲ ਜੁੜੇ 1500 ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਇਹ ਉਹ ਨੌਜਵਾਨ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਲਾਭਪਾਤਰੀਆਂ ਦੇ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਤਹਿਤ ਰੁਜ਼ਗਾਰ ਦਿੱਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਸੂਬੇ ਦੇ ਲੋਕਾਂ ਨੇ ਇਸ ਸਕੀਮ ’ਤੇ ਸਵਾਲ ਉਠਾਏ ਸਨ ਅਤੇ ਲਾਭਪਾਤਰੀਆਂ ਨੇ ਸਰਕਾਰੀ ਡਿਪੂਆਂ ’ਤੇ ਜਾ ਕੇ ਪਹਿਲਾਂ ਵਾਂਗ ਹੀ ਕਣਕ ਖਰੀਦਣ ਦੀ ਮੰਗ ਕੀਤੀ ਸੀ ਤਾਂ ਸਰਕਾਰ ਨੂੰ ਆਪਣੀ ਸਕੀਮ ਬੰਦ ਕਰਨੀ ਪਈ ਸੀ। ਸਕੀਮ ਬੰਦ ਹੁੰਦੇ ਹੀ ਰਾਜ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਘਰ-ਘਰ ਰਾਸ਼ਨ ਪਹੁੰਚਾਉਣ ਲਈ ਤਿਆਰ ਟੀਮ ਨੂੰ ਵੀ ਤਿੰਨ ਤੋਂ ਚਾਰ ਦਿਨਾਂ ਵਿੱਚ ਕੰਮ ਤੋਂ ਹਟਾ ਦਿੱਤਾ ਗਿਆ।