ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ (Arshad Nadeem) ਪੈਰਿਸ ਓਲੰਪਿਕ 2024 ‘ਚ ਸੋਨ ਤਮਗਾ ਜਿੱਤਣ (Gold medal winner) ਤੋਂ ਬਾਅਦ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਨਦੀਮ ਓਲੰਪਿਕ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ ਹੈ। 27 ਸਾਲਾ ਨਦੀਮ ਨੇ ਪੈਰਿਸ ਓਲੰਪਿਕ 2024 ‘ਚ ਜੈਵਲਿਨ ਮੁਕਾਬਲੇ ‘ਚ 92.27 ਮੀਟਰ ਦੀ ਰਿਕਾਰਡ ਦੂਰੀ ‘ਤੇ ਜੈਵਲਿਨ ਸੁੱਟਿਆ ਸੀ। ਅਰਸ਼ਦ ਨਦੀਮ ਸੋਨ ਤਗਮਾ ਲੈ ਕੇ ਐਤਵਾਰ ਨੂੰ ਪੈਰਿਸ ਤੋਂ ਘਰ ਪਰਤੇ। ਪਾਕਿਸਤਾਨ ਪਹੁੰਚਣ ‘ਤੇ ਅਰਸ਼ਦ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਅਰਸ਼ਦ ਨਦੀਮ ਨੇ ਪਾਕਿਸਤਾਨ ਸਰਕਾਰ ਤੋਂ ਕੁਝ ਖਾਸ ਮੰਗਾਂ ਕੀਤੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਜੈਵਲਿਨ ਸੁੱਟਣ ਵਾਲੇ ਨੇ ਆਪਣੇ ਪਿੰਡ ਵਿੱਚ ਕੁਝ ਬੁਨਿਆਦੀ ਸਹੂਲਤਾਂ ਲਿਆਉਣ ਦੀ ਮੰਗ ਕੀਤੀ ਹੈ।
ਅਰਸ਼ਦ ਨਦੀਮ ਨੇ ਰੱਖੀ ਮੰਗ
ਪਾਕਿਸਤਾਨ ‘ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਦੀਮ ਨੇ ਕਿਹਾ, ”ਮੇਰੇ ਪਿੰਡ ਨੂੰ ਸੜਕਾਂ ਦੀ ਲੋੜ ਹੈ। ਜੇਕਰ ਸਰਕਾਰ ਰਸੋਈ ਗੈਸ ਮੁਹੱਈਆ ਕਰਵਾ ਦੇਵੇ ਤਾਂ ਇਹ ਮੇਰੇ ਅਤੇ ਪਿੰਡ ਲਈ ਬਹੁਤ ਵਧੀਆ ਹੋਵੇਗਾ। ਮੇਰਾ ਵੀ ਇੱਕ ਸੁਪਨਾ ਹੈ ਕਿ ਮੀਆਂ ਚੰਨੂ ਵਿੱਚ ਇੱਕ ਯੂਨੀਵਰਸਿਟੀ ਹੋਵੇ ਤਾਂ ਜੋ ਸਾਡੀਆਂ ਭੈਣਾਂ ਨੂੰ ਡੇਢ ਤੋਂ ਦੋ ਘੰਟੇ ਦਾ ਸਫ਼ਰ ਕਰਕੇ ਮੁਲਤਾਨ ਨਾ ਜਾਣਾ ਪਵੇ। ਜੇਕਰ ਸਰਕਾਰ ਇੱਥੇ ਯੂਨੀਵਰਸਿਟੀ ਬਣਾਉਂਦੀ ਹੈ ਤਾਂ ਇਹ ਮੇਰੇ ਪਿੰਡ ਅਤੇ ਆਂਢ-ਗੁਆਂਢ ਲਈ ਵੱਡੀ ਖੁਸ਼ਖਬਰੀ ਹੋਵੇਗੀ।