ਕੰਪੀਟੀਸ਼ਨ ਬਿਊਰੋ ਏਅਰ ਕੈਨੇਡਾ ਅਤੇ ਵੈਸਟਜੈੱਟ ਦੀ ਜਾਂਚ ਕਰਨ ਲਈ ਨਵੀਆਂ ਸ਼ਕਤੀਆਂ ਦੀ ਕਰ ਰਿਹਾ ਹੈ ਵਰਤੋਂ।ਕੰਪੀਟੀਸ਼ਨ ਬਿਊਰੋ ਕੈਨੇਡੀਅਨ ਏਅਰਲਾਈਨ ਉਦਯੋਗ ‘ਤੇ ਅਧਿਐਨ ਦੇ ਹਿੱਸੇ ਵਜੋਂ ਏਅਰ ਕੈਨੇਡਾ ਅਤੇ ਵੈਸਟਜੈੱਟ ਤੋਂ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਨਵੇਂ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ। ਇਸ ਦਾ ਟੀਚਾ ਇਹ ਦੇਖਣਾ ਹੈ ਕਿ, ਕੀ ਖੇਤਰ ਵਿੱਚ ਵਧਦੀ ਮੁਕਾਬਲੇਬਾਜ਼ੀ ਗਾਹਕਾਂ ਲਈ ਹਵਾਈ ਕਿਰਾਏ ਨੂੰ ਘਟਾ ਸਕਦੀ ਹੈ। ਰਿਪੋਰਟ ਮੁਤਾਬਕ ਇਹ ਦੋਵੇਂ ਏਅਰਲਾਈਨਾਂ ਮਿਲ ਕੇ ਕੈਨੇਡਾ ਦੇ ਏਅਰਲਾਈਨ ਬਾਜ਼ਾਰ ਦਾ 80% ਕੰਟਰੋਲ ਕਰਦੀਆਂ ਹਨ।ਉਥੇ ਹੀ ਇਸ ਮਾਮਲੇ ਵਿੱਚ ਅਦਾਲਤ ਦੇ ਹੁਕਮ ਬਿਊਰੋ ਨੂੰ ਦੋਵਾਂ ਏਅਰਲਾਈਨਾਂ ਤੋਂ ਮੁਕਾਬਲੇ ਬਾਰੇ ਉਨ੍ਹਾਂ ਦੇ ਵਿਚਾਰਾਂ ਅਤੇ ਹਵਾਈ ਅੱਡਿਆਂ ਨਾਲ ਉਨ੍ਹਾਂ ਦੇ ਸਮਝੌਤਿਆਂ ਬਾਰੇ ਅੰਦਰੂਨੀ ਦਸਤਾਵੇਜ਼ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਹਨ। ਦੱਸਦਈਏ ਕਿ ਇਹ ਅਧਿਐਨ ਉਦੋਂ ਹੋਇਆ ਹੈ ਜਦੋਂ ਲਿੰਕਸ ਏਅਰ ਵਰਗੀਆਂ ਛੋਟੀਆਂ ਏਅਰਲਾਈਨਾਂ ਸੰਘਰਸ਼ ਕਰ ਰਹੀਆਂ ਹਨ, ਜਦੋਂ ਕਿ ਏਅਰ ਕੈਨੇਡਾ ਅਤੇ ਵੈਸਟਜੈੱਟ ਖੇਤਰੀ ਸੰਚਾਲਨ ਨੂੰ ਘਟਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਬਿਊਰੋ ਨੇ ਇਹਨਾਂ ਵਿਸਤ੍ਰਿਤ ਸ਼ਕਤੀਆਂ ਦੀ ਵਰਤੋਂ ਕੀਤੀ ਹੈ, ਜੋ ਸਰਕਾਰ ਦੁਆਰਾ ਏਅਰਲਾਈਨਾਂ ਅਤੇ ਕਰਿਆਨੇ ਵਰਗੀਆਂ ਉਦਯੋਗਾਂ ਵਿੱਚ ਮੁਕਾਬਲੇ ਵਿੱਚ ਸੁਧਾਰ ਕਰਨ ਲਈ ਪ੍ਰਦਾਨ ਕੀਤੀਆਂ ਗਈਆਂ ਸੀ। ਹਾਲਾਂਕਿ, ਅਧਿਐਨ ਏਅਰਲਾਈਨਜ਼ ਦੁਆਰਾ ਕਿਸੇ ਗਲਤ ਕੰਮ ਦੀ ਜਾਂਚ ਨਹੀਂ ਕਰ ਰਿਹਾ ਹੈ।