ਕੰਜ਼ਰਵੇਟਿਵਾਂ ਦਾ ਟਰੂਡੋ ਖਿਲਾਫ ਕੋਨਫੀਡੈਂਸ ਮੋਸ਼ਨ ਹੋਇਆ ਫੇਲ, ਵੱਡੇ ਨੰਬਰਾਂ ਨਾਲ ਮਿਲੀ ਮਾਤ।ਟਰੂਡੋ ਲਿਬਰਲ ਕੰਜ਼ਰਵੇਟਿਵ ਲੀਡਰ ਪੀਅਰੇ ਪੋਇਲੀਵਰ ਦੁਆਰਾ ਸ਼ੁਰੂ ਕੀਤੇ ਗਏ ਭਰੋਸੇ ਦੇ ਵੋਟ ਤੋਂ ਸਫਲਤਾਪੂਰਵਕ ਬਚ ਗਏ ਹਨ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸਦਨ ਨੂੰ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਹੈ। ਦੱਸਦਈਏ ਕਿ 120 ਵੋਟਾਂ ਇਸ ਮੋਸ਼ਨ ਦੇ ਹੱਕ ਵਿੱਚ ਪਈਆਂ ਸੀ ਜਦੋਂ ਕਿ 211 ਵੋਟਾਂ ਐਨਡੀਪੀ ਅਤੇ ਬਲਾਕ ਕਿਊਬੇਕੋਇਸ ਦੇ ਸਮਰਥਨ ਦੇ ਨਾਲ ਇਸ ਮੋਸ਼ਨ ਦੇ ਵਿਰੋਧ ਵਿੱਚ ਪਈਆਂ। ਕਾਬਿਲੇਗੌਰ ਹੈ ਕਿ ਐਨਡੀਪੀ ਨਾਲ ਸਮਝੌਤਾ ਟੁੱਟਣ ਤੋਂ ਬਾਅਦ ਲਿਬਰਲਾਂ ਲਈ ਇਹ ਵੋਟ ਇੱਕ ਮਹੱਤਵਪੂਰਨ ਪ੍ਰੀਖਿਆ ਸੀ। ਹਾਲਾਂਕਿ ਲਿਬਰਲਾਂ ਨੇ ਇਹ ਦੌਰ ਜਿੱਤ ਲਿਆ ਹੈ, ਪਰ ਕ੍ਰਿਸਮਿਸ ਤੋਂ ਪਹਿਲਾਂ ਦੋ ਹੋਰ ਅਵਿਸ਼ਵਾਸ ਪ੍ਰਸਤਾਵਾਂ ਦੀ ਉਮੀਦ ਜਤਾਈ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਮੋਸ਼ਨ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਬਲਾਕ ਕਿਊਬੇਕੋਇਸ ਆਗੂ ਯੀਵਸ-ਫ੍ਰੈਂਸਵਾ ਬਲੈਂਕੇਟ ਵੱਲੋਂ ਸਰਕਾਰ ਦੀ ਆਲੋਚਨਾ ਕਰਨ ਵਾਲੇ ਬਿਆਨ ਸ਼ਾਮਲ ਹੋਣਗੇ। ਜੇਕਰ ਭਵਿੱਖ ਵਿੱਚ ਬੇਭਰੋਸਗੀ ਮਤਾ ਪਾਸ ਹੋ ਜਾਂਦਾ ਹੈ, ਤਾਂ ਇਸ ਨਾਲ ਤੁਰੰਤ ਚੋਣ ਹੋ ਸਕਦੀ ਹੈ। ਇਸ ਦੌਰਾਨ, ਬਲਾਕ ਕਿਊਬੇਕੋਇਸ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸ਼ਾਸਨ ਕਰਨ ਦਾ ਮੌਕਾ ਦੇਣ ਲਈ ਤਿਆਰ ਹੈ ਅਤੇ ਮੁੱਖ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਖੁੱਲ੍ਹਾ ਸੱਦਾ ਦੇ ਰਹੀ ਹੈ। ਬਲਾਕ ਐਮਪੀ ਐਲੇਨ ਥੈਰਿਅਨ ਨੇ ਸਹਿਯੋਗ ਦੀ ਉਮੀਦ ਜ਼ਾਹਰ ਕਰਦੇ ਹੋਏ ਮੰਨਿਆ ਕਿ ਸਰਕਾਰ ਨੂੰ ਚੁਣੌਤੀ ਦੇਣ ਦੇ ਹੋਰ ਮੌਕੇ ਹੋਣਗੇ। ਜ਼ਿਕਰਯੋਗ ਹੈ ਕਿ ਇਹ ਮੋਸ਼ਨ ਫੇਲ ਉਦੋਂ ਹੋਇਆ ਹੈ ਜਦੋਂ ਹਾਲ ਹੀ ਦੇ ਪੋਲਿੰਗ ਅੰਕੜਿਆਂ ਅਨੁਸਾਰ ਟਰੂਡੋ ਦੀ ਸਰਕਾਰ ਲਈ ਸਮਰਥਨ ਇੱਕ ਨਵੇਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।