ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ (CAA) ਦੁਆਰਾ ਹਾਲ ਹੀ ਵਿੱਚ ਕੀਤੇ ਗਏ ਇੱਕ ਸਰਵੇ ਤੋਂ ਪਤਾ ਚੱਲਿਆ ਹੈ ਕਿ ਲਗਭਗ 70 ਫੀਸਦੀ ਕੈਨੇਡੀਅਨਾਂ ਨੇ ਪਿਛਲੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਰਿਹਾਇਸ਼ੀ ਖੇਤਰਾਂ ਵਿੱਚ ਤੇਜ਼ ਰਫ਼ਤਾਰ ਨੂੰ ਸਵੀਕਾਰ ਕੀਤਾ, ਜਿਨ੍ਹਾਂ ਵਿਚੋਂ ਅਧਿਆ ਨੇ ਕਿਹਾ ਕਿ ਉਹ ਹਾਈਵੇਅ ‘ਤੇ ਨਿਯਮਤ ਤੌਰ ‘ਤੇ ਸਪੀਡਿੰਗ ਕਰਦੇ ਹਨ। ਇਸ ਸਰਵੇ ਵਿੱਚ ਸੱਬ ਤੋਂ ਖਤਰਨਾਕ ਗੱਲ ਇਹ ਹੈ ਕਿ ਅੱਧੇ ਲੋਕ ਹਾਈਵੇ ‘ਤੇ ਰੋਜ਼ਾਨਾ ਸਪੀਡਿੰਗ ਕਰਦੇ ਹਨ ਅਤੇ ਹਰ ਪੰਜ ਵਿੱਚੋਂ ਇੱਕ ਡਰਾਈਵਰ ਕਾਫ਼ੀ ਵੱਧ ਸਪੀਡ ਨਾਲ ਗੱਡੀ ਚਲਾਉਂਦੇ ਹਨ। ਅਤੇ ਇਸ ਸਰਵੇ ਵਿੱਚ ਹਰ ਉਮਰ ਦੇ ਲੋਕਾਂ ਨੇ ਓਵਰ ਸਪੀਡਿੰਗ ਦੀ ਆਦਤ ਨੂੰ ਮੰਨਿਆ ਹੈ।ਇਸ ਸਰਵੇ ਵਿੱਚ ਹੋਰ ਖਤਰਨਾਕ ਆਦਤਾਂ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ 40 ਫੀਸਦੀ ਕੈਨੇਡੀਅਨ ਰੈੱਡ ਲਾਈਟ ‘ਤੇ ਗੱਡੀ ਪਾਰ ਕਰਨ ਨੂੰ ਮੰਨ ਰਹੇ ਹਨ ਅਤੇ 54 ਫੀਸਦੀ ਨੇ ਮੰਨਿਆ ਕਿ ਉਹ ਪਿਛਲੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਗੱਡੀ ਚਲਾਉਂਦੇ ਸਮੇਂ ਉਨ੍ਹਾਂ ਨੇ ਫ਼ੋਨ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ, 68 ਫੀਸਦੀ ਲੋਕ ਥਕਾਵਟ ਹੋਣ ਦੇ ਬਾਵਜੂਦ ਗੱਡੀ ਚਲਾਉਂਦੇ ਹਨ। ਇਸ ਸਭ ਦੇ ਬਾਵਜੂਦ, ਸਿਰਫ 35 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਸਪੀਡਿੰਗ ਕਰਦੇ ਹੋਏ ਫੜੇ ਗਏ ਹਨ। ਜ਼ਿਕਰਯੋਗ ਹੈ ਕਿ ਓਵਰ ਸਪੀਡਿੰਗ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ, ਜਿਵੇਂ ਕਿ ਆਟੋਮੈਟਿਕ ਸਪੀਡ ਕੈਮਰਿਆਂ ਦੀ ਵਰਤੋਂ ਵਧਾਉਣਾ। ਜਿਥੇ 2023 ਵਿੱਚ ਟੋਰਾਂਟੋ ਨੇ ਕੈਮਰਿਆਂ ਦੀ ਗਿਣਤੀ 75 ਤੋਂ ਵਧਾ ਕੇ 150 ਕਰ ਦਿੱਤੀ ਸੀ। ਇਸ ਮੁਹਿੰਮ ਨਾਲ ਸਪੀਡਿੰਗ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਡਰਾਈਵਰਾਂ ਦੇ ਵਿਵਹਾਰ ਵਿੱਚ ਸੁਧਾਰ ਦੇਖਿਆ ਗਿਆ ਹੈ। ਦੱਸਦਈਏ ਕਿ ਇਹ ਨਤੀਜੇ 2,880 ਕੈਨੇਡੀਅਨ ਲੋਕਾਂ ਦੇ ਸਤੰਬਰ 2024 ਵਿੱਚ ਕੀਤੇ ਸਰਵੇ ‘ਤੇ ਆਧਾਰਿਤ ਹਨ।