ਬਰੈਂਪਟਨ, 13 ਜੁਲਾਈ, 2024: ਬਰੈਂਪਟਨ ਸਿਟੀ ਹੁਣ ਆਰ ਆਰ ਐਲ ਪ੍ਰੋਜੈਕਟ ਅਧੀਨ ਦੇ ਦੂਜੇ ਪੜਾਅ ‘ਚ ਆਪਣੀਆਂ ਬੇਸਮੈਂਟਾਂ ਜਾਂ ਹੋਰ ਰੈਂਟਲ ਯੂਨਿਟਾਂ ਨੂੰ ਰਜਿਸਟਰਡ ਨਾ ਕਰਵਾਉਣ ਵਾਲੇ ਮਾਲਕਾਂ ਨੂੰ ਇੱਕ ਅਕਤੂਬਰ ਤੋਂ ਜ਼ੁਰਮਾਨੇ ਲਗਾਉਣ ਜਾ ਰਹੀ ਹੈ। ਇਹ ਜ਼ੁਰਮਾਨੇ ਤਿੰਨ ਭਾਗਾਂ ‘ਚ ਲਗਾਏ ਜਾ ਸਕਦੇ ਹਨ। ਭਾਵ ਇੱਕ ਅਕਤੂਬਰ ਤੋਂ ਪਹਿਲਾਂ-ਪਹਿਲਾਂ ਦੇ ਬਰੈਂਪਟਨ ਦੇ ਵਾਰਡ ਨੰਬਰ ਇਕ, ਤਿੰਨ, ਚਾਰ, ਪੰਜ ਅਤੇ ਸੱਤ ਦੇ ਰਿਹਾਇਸ਼ੀਆਂ ਨੂੰ ਸਿਟੀ ਵੱਲੋਂ ਇਹ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਰੈਂਟਲ ਯੂਨਿਟਾਂ ਨੂੰ ਸਿਟੀ ਕੋਲ ਰਜਿਸਟਰਡ ਕਰਵਾ ਸਕਦੇ ਹਨ, ਜਿਸ ਦੇ ਲਈ 30 ਸਤੰਬਰ ਤੱਕ 300 ਡਾਲਰ ਦੀ ਸਿਟੀ ਫੀਸ ਨੂੰ ਵੀ ਮੁਆਫ਼ ਕੀਤਾ ਗਿਆ ਹੈ, ਜਦੋਂ ਕਿ 30 ਸਤੰਬਰ ਤੱਕ ਫੀਸ ਵਿੱਚ 50 ਫੀਸਦੀ ਦੀ ਛੋਟ ਦਿੱਤੀ ਜਾਏਗੀ। ਇਸ ਤੋਂ ਬਾਅਦ ਇਸ ਪ੍ਰੋਜੈਕਟ ਦੇ ਅਗਲੇ ਪੜਾਅ ‘ਚ 1 ਅਕਤੂਬਰ ਤੋਂ ਪੂਰੀ ਫੀਸ 300 ਡਾਲਰ ਚਾਰਜ ਕੀਤੇ ਜਾਊਗੀ ਅਤੇ ਅਤੇ ਇਸ ਪ੍ਰੋਜੈਕਟ ਦੀ ਪਾਲਣਾ ਨਾ ਕਰਨ ਵਾਲੇ ਮਾਲਕਾਂ ਨੂੰ ਜ਼ੁਰਮਾਨੇ ਜਾਰੀ ਕੀਤੇ ਜਾਣੇ ਸ਼ੁਰੂ ਹੋਣਗੇ ਜਿਸ ਤਹਿਤ ਪਹਿਲੀ ਵਾਰ ਦੋਸ਼ੀ ਪਾਏ ਜਾਣ ‘ਤੇ 600 ਡਾਲਰ ਅਤੇ ਦੂਜੀ ਵਾਰ 900 ਅਤੇ ਤੀਜੀ ਵਾਰ ਗਲਤੀ ਕਰਨ ‘ਤੇ 1200 ਡਾਲਰ ਦਾ ਜ਼ੁਰਮਾਨਾ ਕੀਤਾ ਜਾਵੇਗਾ ।
ਇਸ ਤੋਂ ਇਲਾਵਾ ਬਰੈਂਪਟਨ ਦੇ ਇਨਫੋਰਸਮੈਂਟ ਅਤੇ ਬਾਈਲਾਅ ਵਿਭਾਗ ਵੱਲੋਂ ਰਿਹਾਇਸ਼ੀ ਇਮਾਰਤਾਂ ਦੇ ਘੱਟੋ ਘੱਟ ਸੇਫਟੀ ਸਟੈਂਡਰਡ ਦੀ ਜਾਂਚ ਵੀ ਕੀਤੀ ਜਾਏਗੀ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਇੱਕ ਮਾਲਕ ਕੋਲ ਇੱਕ ਤੋਂ ਵਧੇਰੇ ਰਿਹਾਇਸ਼ੀ ਯੂਨਿਟ ਹਨ ਤਾਂ ਉਸ ਨੂੰ ਪਰ ਯੂਨਿਟ ਦੇ ਹਿਸਾਬ ਨਾਲ ਜ਼ੁਰਮਾਨਾ ਕੀਤਾ ਜਾਵੇਗਾ। ਸਿਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਮੇਂ ਦਰਮਿਆਨ 7 ਹਜ਼ਾਰ ਰਿਹਾਇਸ਼ੀਆਂ ‘ਤੇ ਕੀਤੇ ਗਏ ਇੱਕ ਟੈਲੀਫੋਨ ਸਰਵੇ ‘ਚ 83 ਫੀਸਦੀ ਲੋਕ ਇਸ ਸਰਵੇ ਦੇ ਹੱਕ ‘ਚ ਹਨ। ਇਸ ਤੋਂ ਇਲਾਵਾ ਬਰੈਂਪਟਨ ਸਿਟੀ ਨੇ ਆਪਣੇ ਇਨਫੋਰਸਮੈਂਟ ਵਿਭਾਗ ਦੇ ਵਿੱਚ 30 ਨਵੇਂ ਅਫਸਰਾਂ ਦੀ ਭਰਤੀ ਵੀ ਕੀਤੀ ਹੈ ਤਾਂ ਜੋ ਆਰ ਆਰ ਐਲ ਪ੍ਰੋਜੈਕਟ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕੇ।