ਕੈਨੇਡਾ ਪੋਸਟ ਦੀ ਹੜਤਾਲ ਦੂਜੇ ਹਫ਼ਤੇ ਵਿੱਚ ਦਾਖਲ ਹੋ ਚੁਕੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਖਰੀਦਦਾਰੀ ਦੇ ਸਭ ਤੋਂ ਵੱਡੇ ਹਫ਼ਤੇ ‘ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪੋਸਟਲ ਵਰਕਰਜ਼ ਦੀ ਯੂਨੀਅਨ ਵਧੀਆ ਤਨਖਾਹ ਅਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਕਰ ਰਹੀ ਹੈ, ਜਦਕਿ ਕੈਨੇਡਾ ਪੋਸਟ 7 ਦਿਨਾਂ ਡਿਲਿਵਰੀ ਮਾਡਲ ਲਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਵੀ ਦੱਸਦਈਏ ਕਿ ਕੈਨੇਡਾ ਪੋਸਟ ਦੀ ਹੜਤਾਲ ਦੇ ਪਹਿਲੇ 11 ਦਿਨਾਂ ਵਿੱਚ ਲਗਭਗ 10 ਮਿਲੀਅਨ ਪਾਰਸਲ ਡਿਲਿਵਰ ਨਹੀਂ ਹੋ ਸਕੇ। ਇਸ ਹੜਤਾਲ ਕਾਰਨ ਛੋਟੇ ਵਪਾਰੀਆਂ ਨੂੰ ਵਧੇਰੇ ਮਹਿੰਗੇ ਕੋਰੀਅਰ ਸੇਵਾਵਾਂ ਵੱਲ ਮੁੜਨਾ ਪੈ ਰਿਹਾ ਹੈ, ਜਿਸ ਦਾ ਖਰਚਾ ਅਖਿਰਕਾਰ ਗਾਹਕਾਂ ‘ਤੇ ਆ ਸਕਦਾ ਹੈ। ਕੁਝ ਦੂਰ-ਦਰਾਜ਼ ਇਲਾਕੇ, ਜਿੱਥੇ ਸਿਰਫ ਕੈਨੇਡਾ ਪੋਸਟ ਦੀ ਸੇਵਾ ਹੈ, ਉਥੇ ਮਾਲ ਡਿਲਿਵਰੀ ਮੁਸ਼ਕਲ ਬਣ ਸਕਦੀ ਹੈ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਬੈਕਲਾਗ ਸਾਫ ਕਰਨ ਲਈ ਕਈ ਹਫ਼ਤੇ ਲੱਗ ਸਕਦੇ ਹਨ। ਉਥੇ ਹੀ ਖਰੀਦਦਾਰ ਹੁਣ ਹੋਰ ਵਿਕਲਪ ਖੋਜ ਰਹੇ ਹਨ, ਜਿਵੇਂ ਕਿ ਡਿਸਕਾਊਂਟ ਸੇਵਾਵਾਂ ਜਾਂ ਘਰੇਲੂ ਤਰੀਕਿਆਂ ਨਾਲ ਤੋਹਫ਼ੇ ਬਣਾਉਣਾ। ਇਸਦੇ ਨਾਲ ਹੀ, ਦਸੰਬਰ ਦੇ ਅੱਧ ਤੋਂ ਸ਼ੁਰੂ ਹੋਣ ਵਾਲੇ ਪ੍ਰਸਤਾਵਿਤ GST ਛੂਟ ਹਾਲੀਡੇ ਨੇ ਵੀ ਖਰੀਦਦਾਰਾਂ ਨੂੰ ਉਮੀਦ ਦਿੱਤੀ ਹੈ ਕਿ ਬਲੈਕ ਫ੍ਰਾਈਡੇ ਤੋਂ ਬਾਅਦ ਸਰੋਤਾਂ ਨੂੰ ਬਚਾਇਆ ਜਾ ਸਕਦਾ ਹੈ।