BTV BROADCASTING

ਕੈਨੇਡਾ ਨੇ ਭਾਰਤ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?

ਕੈਨੇਡਾ ਨੇ ਭਾਰਤ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?

ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਹੋ ਸਕਦੇ ਹਨ। ਕੈਨੇਡਾ ਨੇ ਵੀ ਭਾਰਤ ਵਿੱਚ ‘ਅਣ ਐਲਾਨੇ ਕਰਫਿਊ’ ਦਾ ਖਦਸ਼ਾ ਪ੍ਰਗਟਾਇਆ ਹੈ। ਖਾਸ ਗੱਲ ਇਹ ਹੈ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਦਾ ਹੱਥ ਹੋਣ ਦਾ ਸ਼ੱਕ ਉਠਣ ਤੋਂ ਬਾਅਦ ਤੋਂ ਹੀ ਦੋਵੇਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ।

ਕੈਨੇਡਾ ਵੱਲੋਂ ਬੁੱਧਵਾਰ ਨੂੰ ਜਾਰੀ ਟਰੈਵਲ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਰਹਿੰਦਿਆਂ ਵੱਧ ਤੋਂ ਵੱਧ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੰਸਦੀ ਚੋਣਾਂ ਨੂੰ ਲੈ ਕੇ ਐਡਵਾਈਜ਼ਰੀ ‘ਚ ਇੱਕ ਹਿੱਸਾ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ‘ਚ ਲਿਖਿਆ ਹੈ, ‘ਆਮ ਚੋਣਾਂ 19 ਅਪ੍ਰੈਲ ਤੋਂ 1 ਜੂਨ 2024 ਤੱਕ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਪ੍ਰਦਰਸ਼ਨ ਹੋ ਸਕਦੇ ਹਨ।

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਆਵਾਜਾਈ ਦੀ ਸਮੱਸਿਆ ਹੋ ਸਕਦੀ ਹੈ ਅਤੇ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਕੈਨੇਡਾ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ‘ਬਿਨਾਂ ਨੋਟਿਸ ਦੇ ਵੀ ਕਰਫਿਊ ਲਗਾਇਆ ਜਾ ਸਕਦਾ ਹੈ।’ ਉਹਨਾਂ ਨੇ ਯਾਤਰੀਆਂ ਨੂੰ ਉਨ੍ਹਾਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਜਿੱਥੇ ਲੋਕ ਵੱਡੇ ਪੱਧਰ ‘ਤੇ ਇਕੱਠੇ ਹੋ ਰਹੇ ਹਨ ਜਾਂ ਪ੍ਰਦਰਸ਼ਨ ਕਰ ਰਹੇ ਹੋਣ।

ਇਸ ਤੋਂ ਇਲਾਵਾ ਕੈਨੇਡਾ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਈ ਪੁਰਾਣੀਆਂ ਗੱਲਾਂ ਵੀ ਸ਼ਾਮਲ ਹਨ। ਉਸ ਦੌਰਾਨ ਕੈਨੇਡਾ ਨੇ ਕਿਹਾ ਸੀ, ‘ਕੈਨੇਡਾ ਅਤੇ ਭਾਰਤ ਦਰਮਿਆਨ ਵਾਪਰੀਆਂ ਘਟਨਾਵਾਂ ਦੇ ਸੰਦਰਭ ਵਿੱਚ ਰਵਾਇਤੀ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਕੈਨੇਡਾ ਵਿਰੁੱਧ ਨਕਾਰਾਤਮਕ ਭਾਵਨਾਵਾਂ ਅਤੇ ਵਿਰੋਧ ਜਤਾਇਆ ਜਾ ਰਿਹਾ ਹੈ। ਕੈਨੇਡੀਅਨ ਵਿਰੋਧੀ ਪ੍ਰਦਰਸ਼ਨ ਹੋ ਸਕਦੇ ਹਨ, ਜਿਸ ਵਿੱਚ ਕੈਨੇਡੀਅਨਾਂ ਨੂੰ ਪਰੇਸ਼ਾਨੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।

ਇਸ ਤੋਂ ਇਲਾਵਾ, ‘ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ‘ਚ, ਤੁਹਾਨੂੰ ਅਜਨਬੀਆਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ। ਜਨਤਕ ਆਵਾਜਾਈ ਸਣੇ ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਹਾਨੂੰ ਹਮੇਸ਼ਾ ਕਿਸੇ ਨਾਲ ਯਾਤਰਾ ਕਰਨੀ ਚਾਹੀਦੀ ਹੈ ਅਤੇ ਯਾਤਰਾ ਬਾਰੇ ਆਪਣੇ ਦੋਸਤਾਂ ਜਾਂ ਪਰਿਵਾਰ ਨੂੰ ਦੱਸਣਾ ਚਾਹੀਦਾ ਹੈ।

Related Articles

Leave a Reply