ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਾਮਾਗਾਟਾਮਾਰੂ ਦੀ ਦੁਖਦਾਈ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਇੱਕ “ਕਾਲਾ ਅਧਿਆਏ” ਕਰਾਰ ਦਿੱਤਾ ਅਤੇ ਕੈਨੇਡੀਅਨਾਂ ਨੂੰ ਕਿਹਾ ਕਿ ਉਹ ਸਾਰਿਆਂ ਲਈ ਇੱਕ ਬਿਹਤਰ, ਨਿਰਪੱਖ ਅਤੇ ਵਧੇਰੇ ਸਮਾਵੇਸ਼ੀ ਦੇਸ਼ ਬਣਾਉਣ ਲਈ ਮਿਲ ਕੇ ਕੰਮ ਕਰਨ।” ਟਰੂਡੋ ਨੇ ਇਕ ਬਿਆਨ ਵਿਚ ਕਿਹਾ,”ਇੱਕ ਸੌ ਦਸ ਸਾਲ ਪਹਿਲਾਂ ਸਟੀਮਸ਼ਿਪ ਕਾਮਾਗਾਟਾ ਮਾਰੂ ਪ੍ਰਸ਼ਾਂਤ ਮਹਾਸਾਗਰ ਦੀ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਬੰਦਰਗਾਹ ‘ਤੇ ਪਹੁੰਚਿਆ ਸੀ, ਜਿਸ ‘ਤੇ ਸਵਾਰ 376 ਲੋਕ – ਪੰਜਾਬੀ ਮੂਲ ਦੇ ਸਿੱਖ, ਮੁਸਲਮਾਨ ਅਤੇ ਹਿੰਦੂ – ਕੈਨੇਡਾ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਤਿਆਰ ਸਨ ਪਰ ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਨੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਆਪਣੇ ਤਜ਼ਰਬੇ ਨੂੰ ਯਾਦ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਜਾਪਾਨੀ ਸਟੀਮਸ਼ਿਪ ਕਾਮਾਗਾਟਾਮਾਰੂ ਦੇ ਯਾਤਰੀਆਂ ਨੂੰ 1914 ਵਿੱਚ ਭੋਜਨ, ਪਾਣੀ ਜਾਂ ਮੈਡੀਕਲ ਦੇਖਭਾਲ ਦੇ ਬਿਨਾਂ ਦੋ ਮਹੀਨਿਆਂ ਤੱਕ ਹਿਰਾਸਤ ਵਿਚ ਰੱਖਿਆ ਗਿਆ ਸੀ। ਫਿਰ ਅਖੀਰ ਵਿਚ ਕਾਮਾਗਾਟਾ ਮਾਰੂ ਨੂੰ ਭਾਰਤ ਵਾਪਸ ਜਾਣ ਲਈ ਮਜ਼ਬੂਰ ਹੋਣਾ ਪਿਆ, ਜਿੱਥੇ ਇਸ ਦੇ ਬਹੁਤ ਸਾਰੇ ਯਾਤਰੀ ਮਾਰੇ ਗਏ ਜਾਂ ਕੈਦ ਕਰ ਲਏ ਗਏ। ਟਰੂਡੋ ਨੇ ਕਿਹਾ.”ਇਹ ਦੁਖਦਾਈ ਘਟਨਾ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਏ ਹੈ। ਅੱਠ ਸਾਲ ਪਹਿਲਾਂ ਕਾਮਾਗਾਟਾਮਾਰੂ ਦੇ ਯਾਤਰੀਆਂ ਨਾਲ ਜੋ ਹੋਇਆ ਉਸ ਲਈ ਕੈਨੇਡਾ ਦੀ ਸਰਕਾਰ ਤਰਫੋਂ ਮੁਆਫ਼ੀ ਮੰਗੀ ਗਈ ਸੀ।’