ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਪ੍ਰਣਾਲੀ ਵਿੱਚ ਹੋਰ ਸੁਧਾਰ ਆਉਣ ਵਾਲੇ ਹਫ਼ਤਿਆਂ ਵਿੱਚ ਪੇਸ਼ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਹ ਬਦਲਾਅ ਉਸ ਫੈਸਲੇ ਦੇ ਬਾਅਦ ਆ ਰਹੇ ਹਨ ਜਿਸ ਵਿੱਚ ਆਉਂਦੇ ਦੋ ਸਾਲਾਂ ਲਈ ਸਥਾਈ ਨਿਵਾਸੀਆਂ ਦੇ ਟਾਰਗੇਟ ਵਿੱਚ ਕਮੀ ਕੀਤੀ ਗਈ ਹੈ ਅਤੇ ਅਸਥਾਈ ਵਰਕ ਪਰਮਿਟਸ ਲਈ ਨਿਯਮ ਕੜੇ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਸ਼ਰਨਾਰਥੀ ਅਤੇ ਸ਼ਰਨ ਪ੍ਰਣਾਲੀ ਅਣਕੁਸ਼ਲ ਹੈ ਅਤੇ 44 ਮਹੀਨਿਆਂ ਦੀ ਪ੍ਰੋਸੈਸਿੰਗ ਦੇਰੀ ਇਸਦਾ ਪ੍ਰਮਾਣ ਹੈ। ਸਰਕਾਰੀ ਡਾਟਾ ਮੁਤਾਬਕ, ਇਸ ਸਾਲ ਦੇ ਪਹਿਲੇ ਨੌ ਮਹੀਨਿਆਂ ਦੌਰਾਨ 48,000 ਸ਼ਰਨਾਰਥੀ ਦਾਅਵੇ ਨਿਪਟਾਏ ਗਏ ਹਨ। ਇਨ੍ਹਾਂ ਵਿੱਚ ਵਧਦਾ ਹਿੱਸਾ ਇਨਲੈਂਡ ਦਾਅਵਿਆਂ ਦਾ ਹੈ, ਜੋ ਕੈਨੇਡਾ ਅੰਦਰੋਂ ਕੀਤੇ ਜਾਂਦੇ ਹਨ। ਮਿਲਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੈਨੇਡੀਅਨ ਨਾਗਰਿਕਤਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਨੇ ਕਿਹਾ ਕਿ 40 ਫ਼ੀਸਦੀ ਸਥਾਈ ਨਿਵਾਸੀ ਉਹਨਾਂ ਨੂੰ ਬਣਾਉਣ ਦਾ ਲਕਸ਼ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ। ਉਥੇ ਹੀ ਦੂਜੇ ਪਾਸੇ, ਸ਼ਰਨਾਰਥੀ ਮਜ਼ਦੂਰ ਗਰੁੱਪਾਂ ਨੇ ਕੱਟੌਤੀਆਂ ਅਤੇ ਨਵੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਸਮਾਨ ਹੱਕਾਂ ਦੀ ਮੰਗ ਕੀਤੀ।