ਦੇਸ਼ ਭਰ ਵਿੱਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਦੇ ਵਿਚਕਾਰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਮੈਡੀਕਲ ਸੰਸਥਾਵਾਂ ਨੂੰ ਹੈਲਥਕੇਅਰ ਵਰਕਰ ‘ਤੇ ਹਮਲੇ ਦੇ 6 ਘੰਟਿਆਂ ਦੇ ਅੰਦਰ ਐਫਆਈਆਰ ਦਰਜ ਕਰਨੀ ਹੋਵੇਗੀ।
ਸਿਹਤ ਮੰਤਰਾਲੇ ਨੇ ਇਹ ਫੈਸਲਾ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਅਤੇ ਇਸੇ ਕਾਲਜ ਵਿੱਚ 14 ਅਗਸਤ ਨੂੰ ਹੋਈ ਹਿੰਸਾ ਦੇ ਸਬੰਧ ਵਿੱਚ ਲਿਆ ਹੈ।
ਮਹਿਲਾ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਦਾ ਅੱਜ 7ਵਾਂ ਦਿਨ ਹੈ। ਦਿੱਲੀ ਏਮਜ਼ ਅਤੇ ਭੋਪਾਲ ਏਮਜ਼ ਸਮੇਤ ਦੇਸ਼ ਦੇ ਕਈ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ ਹੋ ਗਈਆਂ ਹਨ।
ਪੱਛਮੀ ਬੰਗਾਲ ਦੀ ਭਾਜਪਾ ਇਕਾਈ ਵੀ ਅੱਜ ਬੰਗਾਲ ਦੇ ਹਰ ਜ਼ਿਲ੍ਹੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਵੀ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਨੂੰ ਲੈ ਕੇ ਅੱਜ ਕੋਲਕਾਤਾ ‘ਚ ਰੈਲੀ ਕਰੇਗੀ।