ਕੁਵੈਤ ਸਰਕਾਰ ਦੱਖਣੀ ਅਹਿਮਦੀ ਸੂਬੇ ਦੇ ਮੰਗਾਫ ਇਲਾਕੇ ‘ਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 15,000 ਅਮਰੀਕੀ ਡਾਲਰ (12.5 ਲੱਖ ਰੁਪਏ) ਦਾ ਮੁਆਵਜ਼ਾ ਦੇਵੇਗੀ। ਇਸ ਅੱਗ ‘ਚ 50 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚ 46 ਭਾਰਤੀ ਸਨ। ਇਹ ਦਾਅਵਾ ਕੁਵੈਤੀ ਮੀਡੀਆ ਰਿਪੋਰਟਾਂ ਵਿੱਚ ਕੀਤਾ ਜਾ ਰਿਹਾ ਹੈ। ਕੁਵੈਤੀ ਅਧਿਕਾਰੀਆਂ ਮੁਤਾਬਕ 12 ਜੂਨ ਨੂੰ ਮੰਗਾਫ ਸ਼ਹਿਰ ‘ਚ ਸੱਤ ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗ ਗਈ ਸੀ। ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਗਾਰਡ ਦੇ ਕਮਰੇ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ।
ਅੱਗ ਵਿਚ 46 ਭਾਰਤੀਆਂ ਦੀ ਮੌਤ ਹੋ ਗਈ ਸੀ
ਇਸ ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਸਨ। ਅਰਬ ਟਾਈਮਜ਼ ਅਖਬਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਆਦੇਸ਼ ‘ਤੇ, ਪੀੜਤ ਪਰਿਵਾਰਾਂ ਨੂੰ 15,000 ਅਮਰੀਕੀ ਡਾਲਰ (12.5 ਲੱਖ ਰੁਪਏ) ਦਾ ਮੁਆਵਜ਼ਾ ਮਿਲੇਗਾ। ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਕਿਹਾ ਕਿ ਮੁਆਵਜ਼ੇ ਦੀ ਅਦਾਇਗੀ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਕੀਤੀ ਜਾਵੇਗੀ ਅਤੇ ਪੀੜਤਾਂ ਦੇ ਦੂਤਾਵਾਸਾਂ ਨੂੰ ਭੇਜੀ ਜਾਵੇਗੀ। ਮਰਨ ਵਾਲਿਆਂ ਵਿੱਚ 46 ਭਾਰਤੀ ਸਨ। ਤਿੰਨ ਹੋਰ ਮ੍ਰਿਤਕ ਫਿਲੀਪੀਨਜ਼ ਦੇ ਸਨ, ਅਤੇ ਪੀੜਤਾਂ ਵਿੱਚੋਂ ਇੱਕ ਦੀ ਪਛਾਣ ਨਹੀਂ ਹੋ ਸਕੀ ਹੈ।