ਐਨਡੀਪੀ ਨੇ ਸੋਮਵਾਰ ਨੂੰ ਨਵੇਂ ਚੋਣ ਵਾਅਦੇ ਕੀਤੇ ਹਨ ਜਿਹਨਾਂ ਵਿੱਚ ਟੈਸਲਾ ਇਲੈਕਟ੍ਰਿਕ ਵਾਹਨਾਂ ‘ਤੇ ਟੈਰਿਫ ਲਗਾਉਣਾ, ਫੈਡਰਲ ਇਲੈਕਟ੍ਰਿਕ ਵਾਹਨ ਰਿਬੇਟ ਪ੍ਰੋਗਰਾਮ ਨੂੰ ਦੁਬਾਰਾ ਲਾਗੂ ਕਰਨਾ ਅਤੇ ਜੇਕਰ ਗਾਹਕ ਕੈਨੇਡਾ ਵਿੱਚ ਬਣੀ ਇਲੈਕਟ੍ਰਿਕ ਕਾਰ ਖਰੀਦਦੇ ਹਨ ਤਾਂ ਇਸ ਰਿਬੇਟ ਨੂੰ ਦੁੱਗਣਾ ਕਰਨਾ ਸ਼ਾਮਿਲ ਹੈ।ਐਨਡੀਪੀ ਨੇਤਾ ਜਗਮੀਤ ਸਿੰਘ ਕੈਨੇਡਾ ਦੇ ਆਟੋਮੋਟਿਵ ਕੇਂਦਰ ਅਤੇ ਬਾਰਡਰ ਸ਼ਹਿਰ ਵਿੰਡਜ਼ਰ, ਓਂਟਾਰੀਓ ਵਿੱਚ ਚੋਣ ਪ੍ਰਚਾਰ ਦੌਰੇ ‘ਤੇ ਹਨ। ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਟਰੰਪ ਕੈਨੇਡਾ ਦੇ ਸਾਰੇ ਉਤਪਾਦਾਂ ‘ਤੇ ਟੈਰਿਫ ਲਗਾਉਣ ਦੀ ਧਮਕੀ ਨੂੰ ਅਮਲ ਵਿੱਚ ਲਿਆਉਂਦਾ ਹੈ, ਤਾਂ ਐਨਡੀਪੀ ਸਰਕਾਰ ਟੈਸਲਾ ਦੇ ਸਾਰੇ ਉਤਪਾਦਾਂ ‘ਤੇ 100% ਟੈਰਿਫ ਲਗਾਏਗੀ।ਟੈਸਲਾ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਅਤੇ ਹੋਰ ਤਕਨੀਕ ਦਾ ਦੁਨੀਆ ਦਾ ਮੋਹਰੀ ਨਿਰਮਾਤਾ ਹੈ। ਇਸਦੇ ਸੀਈਓ ਐਲਨ ਮਸਕ ਟਰੰਪ ਦੇ ਸਿਖਰਲੇ ਸਹਾਇਕਾਂ ਵਿੱਚੋਂ ਇੱਕ ਹਨ। ਸਿੰਘ ਨੇ ਕਿਹਾ, “ਐਲਨ ਮਸਕ ਨੇ ਸਾਡੇ ਦੇਸ਼ ‘ਤੇ ਬਹੁਤ ਜ਼ੋਰਦਾਰ ਹਮਲੇ ਕੀਤੇ ਹਨ। ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਤੁਸੀਂ ਸਾਡੇ ‘ਤੇ ਹਮਲਾ ਕਰੋਗੇ, ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ।”
