ਕਾਰਗੋ ਜਹਾਜ਼ ਹਾਦਸੇ ਤੋਂ ਬਾਅਦ ਵੈਨਕੂਵਰ ਏਅਰਪੋਰਟ ਦਾ ਰਨਵੇ 48 ਘੰਟਿਆਂ ਲਈ ਬੰਦ। ਬੀਤੇ ਦਿਨ ਸਵੇਰੇ ਐਮਾਜ਼ਾਨ ਪੈਕੇਜਾਂ ਨੂੰ ਲੈ ਕੇ ਆ ਰਹੇ ਇੱਕ ਕਾਰਗੋ ਜਹਾਜ਼ ਦੇ ਰਨਵੇ ‘ਤੇ ਚੜ੍ਹਨ ਤੋਂ ਬਾਅਦ ਇੱਕ ਹਾਦਸਾ ਵਾਪਰ ਗਿਆ ਜਿਸ ਦੇ ਚਲਦੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਇੱਕ ਰਨਵੇਅ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਪ੍ਰਾਈਮ ਏਅਰ ਬੋਇੰਗ 767-300, ਕਾਰਗੋ ਜੇਟ ਦੁਆਰਾ ਸੰਚਾਲਿਤ, ਹੈਮਿਲਟਨ, ਓਨਟਾਰੀਓ ਤੋਂ ਆ ਰਿਹਾ ਸੀ, ਜੋ ਕਿ ਰਨਵੇਅ ਤੇ ਲੈਂਡ ਕਰਨ ਤੋਂ ਬਾਅਦ ਨੋਰਥਰਨ ਰਨਵੇਅ ਦੀ ਪੂਰਬੀ ਸੀਮਾ ਤੋਂ ਲਗਭਗ ਦੁਪਹਿਰ ਪੌਣੇ 2 ਵਜੇ ਫਿਸਲ ਗਿਆ। ਪਰ ਇਸ ਦੌਰਾਨ ਹਾਦਸੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਨਹੀਂ ਆਈ। ਅਧਿਕਾਰੀਆਂ ਮੁਤਾਬਕ ਜਹਾਜ਼ ਵਿੱਚ ਤਿੰਨ ਚਾਲਕ ਦਲ ਦੇ ਮੈਂਬਰ ਸੀ ਜੋ ਕਿ ਹਾਦਸੇ ਵਾਪਰਨ ਤੋਂ ਪਹਿਲਾਂ ਸੁਰੱਖਿਅਤ ਬਾਹਰ ਨਿਕਲ ਗਏ।ਇਸ ਤੋਂ ਬਾਅਦ ਹਵਾਈ ਅੱਡੇ ਨੇ ਐਲਾਨ ਕੀਤਾ ਕਿ ਨੋਰਥ ਰਨਵੇ ਲਗਭਗ 48 ਘੰਟਿਆਂ ਲਈ ਬੰਦ ਰਹੇਗਾ, ਜਿਸ ਕਰਕੇ ਹੁਣ ਬਾਕੀ ਫਲਾਈਟ ਸੰਚਾਲਨ ਅਤੇ ਸਮਾਂ-ਸਾਰਣੀ ਪ੍ਰਭਾਵਿਤ ਹੋਣਗੇ। ਦੱਸਦਈਏ ਕਿ ਫਲਾਈਟਾਂ ਨੂੰ ਸਾਉਥ ਰਨਵੇ ‘ਤੇ ਬਦਲਿਆ ਜਾ ਰਿਹਾ ਹੈ, ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਨ।ਇਹ ਵੀ ਦੱਸਦਈਏ ਕਿ ਇਸ ਦੌਰਾਨ ਯਾਤਰੀਆਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਵਾਧੂ ਸਟਾਫ ਸਾਈਟ ‘ਤੇ ਮੌਜੂਦ ਹੋਵੇਗਾ।ਉਥੇ ਹੀ ਇਸ ਮਾਮਲੇ ਵਿੱਚ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਕਰਨ ਲਈ ਜਾਂਚਕਰਤਾਵਾਂ ਨੂੰ ਤਾਇਨਾਤ ਕਰ ਦਿੱਤਾ ਹੈ।ਇਸ ਦੌਰਾਨ ਏਅਰਪੋਰਟ ਨੇ ਹਾਦਸਾ ਵਾਪਰਨ ਤੇ ਪਹਿਲੇ ਜਵਾਬ ਦੇਣ ਵਾਲਿਆਂ ਅਤੇ ਯਾਤਰੀਆਂ ਦੇ ਧੀਰਜ ਲਈ ਧੰਨਵਾਦ ਪ੍ਰਗਟ ਕੀਤਾ।