ਕਲੋਨਾ ਦੀ ਕੁੜੀ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨ ਗ੍ਰਿਫਤਾਰ।ਕੇਲੋਨਾ, ਬੀ.ਸੀ. ਵਿੱਚ ਇੱਕ 13 ਸਾਲਾ ਕੁੜੀ ‘ਤੇ ਸ਼ੁੱਕਰਵਾਰ ਰਾਤ ਨੂੰ ਇੱਕ ਸਮੂਹ ਦੁਆਰਾ ਹਮਲਾ ਕਰਨ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੰਜ ਹਮਲਾਵਰਾਂ ਦੀ ਸ਼ਨਾਖਤ ਕੀਤੀ, ਅਤੇ ਉਹਨਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਮੁਲਜ਼ਮਾਂ ਦੀ ਉਮਰ ਕਾਰਨ ਉਨ੍ਹਾਂ ਨੂੰ ਸਖਤ ਸ਼ਰਤਾਂ ਦੇ ਨਾਲ ਰਿਹਾ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਜੋ ਘਟਨਾ ਵਾਪਰੀ ਉਸ ਨੂੰ ਰਾਹਗੀਰਾਂ ਨੇ ਫਿਲਮਾਇਆ ਸੀ, ਜਿਸ ਵਿੱਚ ਕੁੜੀ ਨੂੰ ਬੇਹੋਸ਼ ਕਰਦੇ ਹੋਏ ਦਿਖਾਇਆ ਗਿਆ ਸੀ। ਭੀੜ ਵਿੱਚ ਕੁਝ ਲੋਕ ਫਿਲਮ ਬਣਾ ਰਹੇ ਸੀ, ਜਦੋਂ ਕਿ ਸਿਰਫ ਇੱਕ ਜੋੜੇ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਦੇ ਪਿਤਾ ਨੇ ਕਿਹਾ ਕਿ ਉਸ ਦੀ ਧੀ ਨੂੰ ਉਸ ਦੇ ਜਿਗਰੀ ਦੋਸਤ ਨੇ ਪਾਰਕ ਲਿਜਾਣ ਲਈ ਧੋਖਾ ਦਿੱਤਾ ਸੀ, ਜੋ ਹਮਲਾ ਹੋਣ ਤੋਂ ਪਹਿਲਾਂ ਹੀ ਉਥੋਂ ਚਲਾ ਗਿਆ ਸੀ। ਰਿਪੋਰਟ ਮੁਤਾਬਕ ਇਸ ਹਮਲੇ ਦੌਰਾਨ ਕੁੜੀ ਨੂੰ ਪਸਲੀਆਂ ਅਤੇ ਸਿਰ ਵਿੱਚ ਸੱਟ ਲੱਗਣ ਨਾਲ ਹਸਪਤਾਲ ਲਿਜਾਇਆ ਗਿਆ। ਉਥੇ ਹੀ ਪੀੜਤ ਕੁੜੀ ਦੇ ਪਿਤਾ ਵਲੋਂ ਇਸ ਮਾਮਲੇ ਵਿੱਚ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ।