ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਤੇ ਡੈਮੋਕ੍ਰੇਟ ਵੱਲੋਂ ਇਕ-ਦੂਜੇ ’ਤੇ ਜ਼ੁਬਾਨੀ ਹਮਲੇ ਜਾਰੀ ਹਨ। ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਦੂਸਰੇ ਦਿਨ ਵੀ ਕਮਲਾ ਹੈਰਿਸ ਤੋਂ ਉਨ੍ਹਾਂ ਦੀ ਨਸਲੀ ਸ਼ਨਾਖ਼ਤ ਪੁੱਛ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਮਲਾ ਅਚਾਨਕ ਖ਼ੁਦ ਨੂੰ ਸਿਆਹਫ਼ਾਮ ਕਿਵੇਂ ਦੱਸਣ ਲੱਗੀ ਹੈ? ਉਥੇ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਮੈਂ ਟਰੰਪ ਦੀ ਰਗ-ਰਗ ਤੋਂ ਵਾਕਫ਼ ਹਾਂ, ਇਹੋ ਜਿਹੇ ਨਾਲ ਨਜਿੱਠਣਾ ਆਉਂਦਾ ਹੈ।
ਭਾਰਤਵੰਸ਼ੀ ਕਮਲਾ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਤੁਸੀਂ ਲੋਕ ਜਾਣਦੇ ਹੋ ਕਿ ਮੈਂ ਚੁਣੀ ਹੋਈ ਉਪ ਰਾਸ਼ਟਰਪਤੀ ਹਾਂ। ਇਸ ਤੋਂ ਪਹਿਲਾਂ ਮੈਂ ਅਮਰੀਕਾ ਦੀ ਸੈਨੇਟਰ, ਅਟਾਰਨੀ ਜਨਰਲ ਤੇ ਜ਼ਿਲ੍ਹਾ ਅਟਾਰਨੀ ਰਹਿ ਚੁੱਕੀ ਹਾਂ। ਇੰਝ ਮੈਂ ਅਮਰੀਕਾ ਵਿਚ ਕਈ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ। ਟਰੰਪ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਔਰਤਾਂ ਨਾਲ ਮਾੜਾ ਸਲੂਕ ਕਰਨ ਵਾਲੇ, ਖਪਤਕਾਰਾਂ ਨਾਲ ਧੋਖਾਧੜੀ ਕਰਨ ਵਾਲੇ ਤੇ ਲਾਭ ਲਈ ਨਿਯਮਾਂ ਨੂੰ ਤੋੜਣ ਵਾਲੇ ਤੋਂ ਤੁਹਾਨੂੰ ਸੁਚੇਤ ਰਹਿਣਾ ਪਵੇਗਾ। ਡੋਨਾਲਡ ਟਰੰਪ ਕਿਹੋ-ਜਿਹੇ ਹਨ, ਭਲੀਭਾਂਤ ਜਾਣਦੀ ਹਾਂ। ਯਾਦ ਰਹੇ ਟਰੰਪ ਨੇ ਬੁੱਧਵਾਰ ਨੂੰ ਕਮਲਾ ਦੀ ਨਸਲੀ ਸ਼ਨਾਖ਼ਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਿੱਜੀ ਹਮਲਾ ਕਰ ਦਿੱਤਾ ਸੀ। ਟਰੰਪ ਨੇ ਕਿਹਾ ਸੀ ਕਿ ਖ਼ੁਦ ਨੂੰ ਭਾਰਤੀ ਮੂਲ ਦੀ ਦੱਸਣ ਵਾਲੀ ਕਮਲਾ ਅਚਾਨਕ ਖ਼ੁਦ ਨੂੰ ਸਿਆਹਫ਼ਾਮ ਦੱਸਣ ਲੱਗੀ ਹੈ। ਇਸੇ ਦੌਰਾਨ ਟਰੰਪ ਦੀ ਚੋਣ ਮੁਹਿੰਮ ਟੀਮ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਆਗੂ ਨੂੰ ਜੁਲਾਈ ਮਹੀਨੇ ਦੌਰਾਨ 13.87 ਕਰੋੜ ਡਾਲਰ ਦਾ ਚੰਦਾ ਇਕੱਠਾ ਕਰਨ ਵਿਚ ਸਫਲਤਾ ਮਿਲੀ ਹੈ। ਸਾਬਕਾ ਰਾਸ਼ਟਰਪਤੀ ਦੇ ਕੋਲ 32.7 ਕਰੋੜ ਡਾਲਰ ਦੀ ਨਗਦੀ ਹੈ। ਉਥੇ, ਕਮਲਾ ਦੀ ਪ੍ਰਚਾਰ ਟੀਮ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜੁਲਾਈ ਮਹੀਨੇ ਦੌਰਾਨ 31 ਕਰੋੜ ਡਾਲਰ ਇਕੱਠੇ ਕੀਤੇ ਹਨ।