ਕਨੇਡਾ, 1 ਜੁਲਾਈ 2024 ਅੱਜ ਭਾਰਤ ਅੰਦਰ ਮੋਦੀ ਹਕੂਮਤ ਨੇ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਮੀਟਿੰਗ ਵਿਚ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਉਤੇ ਪਾਏ ਨਿਰਅਧਾਰ ਕੇਸਾਂ ਦਾ ਡਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰ ਵੱਲੋ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉੱਥੇ ਭਾਜਪਾ ਹਕੂਮਤ ਲੋਕਾਂ ਉੱਪਰ ਆਰਥਿਕ ਅਤੇ ਫਿਰਕੂ ਫਾਸ਼ੀ ਹੱਲਾ ਬੋਲਣ ਲਈ ਆਪਣਾ ਰਾਹ ਮੋਕਲਾ ਕਰਨ ਵਾਸਤੇ ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ, ਤਰਕਸ਼ੀਲਾਂ ਅਤੇ ਜਮਹੂਰੀ ਖ਼ੇਤਰ ਦੇ ਵਿਦਵਾਨਾਂ ਨੂੰ ਆਪਣੇ ਚੋਣਵੇਂ ਹੱਲੇ ਦੀ ਮਾਰ ਹੇਠ ਲਿਆ ਕੇ ਲੋਕਾਂ ਦੀ ਆਵਾਜ਼ ਬਣਨ ਵਾਲੇ ਸੰਵੇਦਨਸ਼ੀਲ ਹਿੱਸਿਆਂ ਨੂੰ ਲੋਕ ਕਾਫ਼ਲੇ ਤੋਂ ਅਲੱਗ ਕਰ ਕੇ ਸੀਖਾਂ ਪਿੱਛੇ ਡੱਕ ਕੇ ਜ਼ੁਬਾਨਬੰਦੀ ਕਰਨ ਲਈ ਰੱਸੇ ਪੈੜੇ ਵੱਟ ਰਹੀ ਹੈ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਮੂਹ ਲੋਕ ਤੁਰੰਤ ਇਹਨਾਂ ਬੁੱਧੀਜੀਵੀਆਂ ਦੀ ਪਿੱਠ ‘ਤੇ ਖੜ੍ਹਨ, ਨਵੇਂ ਫ਼ੌਜਦਾਰੀ ਕਾਲ਼ੇ ਕਾਨੂੰਨ ਮੋੜ ਕੇ ਜੇਬ ਵਿਚ ਪਵਾਉਣ ਲਈ ਵਿਸ਼ਾਲ ਜਨਤਕ ਲਾਮਬੰਦੀ ਕਰਨ; ਨਹੀਂ ਤਾਂ ਭਾਜਪਾ ਹਕੂਮਤ ਵਾਰੋ ਵਾਰੀ ਸਭ ਨੂੰ ਆਪਣੀ ਮਾਰ ਹੇਠ ਲਿਆਏਗੀ।
ਅੱਜ ਦੀ ਮੀਟਿੰਗ ਵਿੱਚ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਕਨੇਡਾ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਐਸੋਸੀਏਸ਼ਨ ਵਿਨੀਪੈਗ, ਸ਼ਹੀਦ ਭਗਤ ਸਿੰਘ ਬੁਕ ਸੈਂਟਰ ਕੈਲਗਰੀ, ਸ਼ਹੀਦ ਕਰਤਾਰ ਸਿੰਘ ਸਰਾਭਾ ਤਰਕਸ਼ੀਲ ਲਾਇਬ੍ਰੇਰੀ ਕੈਲਗਰੀ, ਫ੍ਰੇਜ਼ਰ ਵੈਲੀ ਪੰਜਾਬੀ ਲਿਟਰੇਰੀ ਅਤੇ ਕਲਚਰਲ ਫੋਰਮ ਸੁਸਾਇਟੀ ਸਰੀ, ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ, ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਐਡਮਿੰਟਨ, ਦਸਤੂਰ ਪੰਜਾਬੀ ਫਾਊਂਡੇਸ਼ਨ ਸਰੀ, ਈਸਟ ਇੰਡੀਅਨ ਡੀਫੈਂਸ ਕਮੇਟੀ ਵੈਨਕੂਵਰ, ਪੰਜਾਬੀ ਕਲਮਾਂ ਦਾ ਕਾਫਲਾ ਬਰੈਂਪਟਨ, ਕਨੇਡੀਅਨ ਪੰਜਾਬੀ ਸਾਹਿਤ ਸਭਾ ਟੋਰੰਟੋ, ਵੈਨਕੂਵਰ ਸੱਥ, ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋ ਸਹਿਮਤੀ ਭੇਜੀ ਗਈ।