ਓਡੀਸ਼ਾ ਵਿੱਚ ਗਰਮੀ ਆਪਣੇ ਸਿਖਰ ‘ਤੇ ਹੈ। ਫਿਲਹਾਲ ਇਸ ਭਿਆਨਕ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇੱਥੇ ਹੀਟਵੇਵ ਚੱਲ ਰਹੀ ਹੈ। ਅੱਠ ਥਾਵਾਂ ‘ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ‘ਚ ਹੀਟ ਸਟ੍ਰੋਕ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਓਡੀਸ਼ਾ ਵਿੱਚ ਕਥਿਤ ਤੌਰ ‘ਤੇ 99 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਓਡੀਸ਼ਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਨੇ ਕਿਹਾ ਕਿ ਕੁਲੈਕਟਰਾਂ ਨੇ ਪਿਛਲੇ 72 ਘੰਟਿਆਂ ਵਿੱਚ ਗਰਮੀ ਦੀ ਲਹਿਰ ਕਾਰਨ 99 ਮੌਤਾਂ ਦੀ ਰਿਪੋਰਟ ਕੀਤੀ ਹੈ। ਹਾਲਾਂਕਿ, ਕੁਲੈਕਟਰਾਂ ਨੇ ਰਿਪੋਰਟ ਕੀਤੇ ਗਏ 99 ਵਿੱਚੋਂ 20 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਗਰਮੀ ਵਿੱਚ ਹੁਣ ਤੱਕ ਕੁੱਲ 141 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ 26 ਲੋਕਾਂ ਦੀ ਮੌਤ ਦਾ ਕਾਰਨ ਹੀਟ ਵੇਵ ਦੱਸਿਆ ਜਾ ਰਿਹਾ ਹੈ।
ਪੰਜਾਬ, ਹਰਿਆਣਾ ਸਮੇਤ 12 ਰਾਜਾਂ ਵਿੱਚ ਅੱਜ ਵੀ ਗਰਮੀ ਦਾ ਕਹਿਰ ਜਾਰੀ ਹੈ
ਪੰਜਾਬ ਅਤੇ ਹਰਿਆਣਾ ਸਮੇਤ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ 12 ਰਾਜਾਂ ਵਿੱਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਦੌਰਾਨ ਕੜਾਕੇ ਦੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਸ ਤੋਂ ਬਾਅਦ ਹੌਲੀ-ਹੌਲੀ ਕੁਝ ਕਮੀ ਆਵੇਗੀ।