ਓਟਾਵਾ ਚੀਨ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ (EVs) ‘ਤੇ ਉੱਚ ਟੈਰਿਫ ਦੇ ਨਾਲ-ਨਾਲ ਚੀਨੀ ਸਟੀਲ ਅਤੇ ਐਲੂਮੀਨੀਅਮ ‘ਤੇ ਉੱਚ ਟੈਰਿਫ ਦੀ ਸ਼ੁਰੂਆਤ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਥੋੜ੍ਹੇ ਸਮੇਂ ਵਿੱਚ ਕੁਝ ਕੈਨੇਡੀਅਨਾਂ ਲਈ ਈਵੀ ਖਰੀਦਣਾ ਹੋਰ ਮਹਿੰਗਾ ਹੋ ਸਕਦਾ ਹੈ। ਲਿਬਰਲ ਕੈਬਿਨੇਟ ਰਿਟਰੀਟ ‘ਤੇ ਬੋਲਦਿਆਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, “ਜਲਦੀ ਹੀ, ਅਸੀਂ ਚੀਨੀ ਬਣੀਆਂ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦੀ ਟੈਰਿਫ ਅਤੇ ਚੀਨੀ ਸਟੀਲ ਅਤੇ ਐਲੂਮੀਨੀਅਮ ‘ਤੇ 25 ਫੀਸਦੀ ਟੈਰਿਫ ਲਾਗੂ ਕਰਾਂਗੇ। ਸਰਕਾਰ ਮੁਤਾਬਕ ਇਸ ਦਾ ਉਦੇਸ਼ ਕੈਨੇਡਾ ਵਿੱਚ ਈਵੀ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ। ਦੱਸਦਈਏ ਕਿ ਇਹ ਐਲਾਨ, ਕੈਨੇਡਾ ਨੂੰ ਹਾਲ ਹੀ ਵਿੱਚ ਅਮਰੀਕੀ ਵਪਾਰ ਨੀਤੀ ਦੇ ਬਦਲਾਅ ਨਾਲ ਜੋੜਦਾ ਹੈ। ਜਿਥੇ ਅਮੈਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਮਈ ਦੇ ਅੱਧ ਵਿੱਚ ਐਲਾਨ ਕੀਤਾ ਸੀ ਕਿ ਉਹ ਇਸ ਸਾਲ ਚੀਨੀ ਈਵੀਜ਼ ਉੱਤੇ ਟੈਰਿਫ 25 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰ ਰਹੇ ਹਨ। ਇਸ ਦੌਰਾਨ BMO ਕੈਪੀਟਲ ਮਾਰਕਿਟ ਦੇ ਸੀਨੀਅਰ ਅਰਥ ਸ਼ਾਸਤਰੀ ਏਰਿਕ ਜੌਹਨਸਨ ਨੇ ਨੋਟ ਕੀਤਾ ਕਿ ਕੈਨੇਡਾ ਨੂੰ ਅਮਰੀਕਾ ਦੀ ਨੀਤੀ ਦੀ ਪਾਲਣਾ ਕਰਨੀ ਪਈ ਕਿਉਂਕਿ ਕੈਨੇਡਾ ਦੀਆਂ ਬਣੀਆਂ ਲਗਭਗ 80 ਫੀਸਦੀ ਕਾਰਾਂ ਅਮਰੀਕਾ ਵਿੱਚ ਵਿਕਦੀਆਂ ਹਨ। ਰਿਪੋਰਟ ਮੁਤਾਬਕ ਚੀਨ ਦੀਆਂ ਬਣੀਆਂ ਈਵੀਜ਼ ਕੈਨੇਡੀਅਨ ਮਾਰਕੀਟ ਦਾ ਇੱਕ ਛੋਟਾ ਜਿਹਾ ਹਿੱਸਾ ਬਣਾਉਂਦੀਆਂ ਹਨ, ਪਰ ਚੀਨੀ ਆਟੋਮੇਕਰ BYD ਮੈਕਸੀਕੋ ਵਿੱਚ ਇੱਕ ਨਿਰਮਾਣ ਸਹੂਲਤ ਦੇ ਨਾਲ ਉੱਤਰੀ ਅਮਰੀਕਾ ਵਿੱਚ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸਦਈਏ ਕਿ ਕੈਨੇਡਾ ਵਿੱਚ ਦੋ ਪ੍ਰਸਿੱਧ ਈਵੀ, ਟੇਸਲਾ ਮਾਡਲ Y ਅਤੇ ਟੇਸਲਾ ਮਾਡਲ 3, ਚੀਨ ਵਿੱਚ ਟੇਸਲਾ ਦੁਆਰਾ ਤਿਆਰ ਕੀਤੇ ਗਏ ਹਨ। ਇਸ ਦੌਰਾਨ ਜੌਹਨਸਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਫੈਡਰਲ ਸਰਕਾਰ ਨੂੰ ਉਮੀਦ ਹੈ ਕਿ ਟੈਰਿਫ ਸਥਾਨਕ ਨਿਰਮਾਤਾਵਾਂ ਨੂੰ ਚੀਨੀ ਕੰਪਨੀਆਂ ਨਾਲ ਮੁਕਾਬਲਾ ਕਰਨ ਅਤੇ ਵਿਦੇਸ਼ੀ ਕੰਪਨੀਆਂ ਨੂੰ ਕੈਨੇਡਾ ਵਿੱਚ ਨਿਰਮਾਣ ਸਥਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਸਮਾਂ ਦੇਵੇਗਾ। ਜਿਥੇ BYD ਕੋਲ ਪਹਿਲਾਂ ਹੀ ਨਿਊਮਾਰਕੇਟ, ਓਨਟਾਰੀਓ ਵਿੱਚ ਇੱਕ ਇਲੈਕਟ੍ਰਿਕ ਬੱਸ ਨਿਰਮਾਣ ਸਹੂਲਤ ਹੈ।