ਮੋਂਟਰੀਅਲ ਦੇ ਪੁਲੀਸ ਮੁਖੀ ਫਾਡੀ ਡਾਗਰ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਹੋਏ ਐਂਟੀ-ਨੈਟੋ ਪ੍ਰਦਰਸ਼ਨ ਪਿੱਛੋਂ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ। ਦੱਸਦਈਏ ਕਿ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ ਜਿਸ ਦੌਰਾਨ ਵਿੰਡੋ ਤੋੜੀਆਂ ਗਈਆਂ, ਕਾਰਾਂ ਨੂੰ ਅੱਗ ਲਗਾਈ ਗਈ ਅਤੇ ਸਹਿਰ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾਈ ਗਈ। ਡਾਗਰ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਇਕੱਠੇ ਕੀਤੇ ਗਏ ਹੋਰ ਸਬੂਤਾਂ ਨਾਲ ਕਈ ਜ਼ਿੰਮੇਵਾਰ ਲੋਕਾਂ ਨੂੰ ਪਛਾਣਿਆ ਜਾ ਰਿਹਾ ਹੈ। ਪੁਲਿਸ ਮੁਤਾਬਕ, ਪ੍ਰਦਰਸ਼ਨਕਾਰੀ ਧੂਆਂ ਕਰਨ ਵਾਲਾ ਬੰਬ ਵਰਤ ਰਹੇ ਸੀ, ਲੋਹੇ ਦੇ ਬੈਰੀਅਰ ਸੜਕ ‘ਤੇ ਸੁੱਟੇ ਗਏ ਸੀ ਅਤੇ ਨੈਟੋ ਦੀ ਮੀਟਿੰਗ ਹੋ ਰਹੇ ਸਥਾਨ ਸਮੇਤ ਕਈ ਵਪਾਰਕ ਜਗ੍ਹਾਵਾਂ ਦੇ ਕੱਚ ਤੋੜੇ ਗਏ। ਜ਼ਿਕਰਯੋਗ ਹੈ ਕਿ ਲਗਭਗ 800 ਲੋਕ ਇਸ ਪ੍ਰਦਰਸ਼ਨ ਦਾ ਹਿੱਸਾ ਸਨ, ਪਰ ਉਨ੍ਹਾਂ ਵਿਚੋਂ 20-40 ਲੋਕ ਹਿੰਸਕ ਕਾਰਵਾਈ ਦੇ ਜ਼ਿੰਮੇਵਾਰ ਸਨ। ਪੁਲਿਸ ਨੇ ਫਿਲਹਾਲ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਆਦਮੀ ਅਤੇ ਇੱਕ ਔਰਤ ਸ਼ਾਮਲ ਹੈ। ਇਨ੍ਹਾਂ ਤਿੰਨਾਂ ਨੂੰ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਬੀਤੇ ਸ਼ਨੀਵਾਰ ਨੂੰ ਆਗੂਆਂ ਵਲੋਂ ਇਸ ਪ੍ਰਦਰਸ਼ਨ ਦੀ ਨਿੰਦਾ ਕੀਤੀ ਗਈ ਅਤੇ ਇਸਨੂੰ ਐਂਟੀਸਮਿਟਿਕ ਕਹਿੰਦੇ ਹੋਏ ਪ੍ਰਤੀਬੰਧਿਤ ਕੀਤਾ ਗਿਆ। ਹਾਲਾਂਕਿ, ਇੱਕ ਆਯੋਜਕ ਨੇ ਕਿਹਾ ਕਿ ਇਹ ਪ੍ਰਦਰਸ਼ਨ ਇੱਕ ਖਾਸ ਰਾਜ ਦੇ ਕਦਮਾਂ ਦੇ ਖਿਲਾਫ ਸਨ, ਨਾ ਕਿ ਕਿਸੇ ਧਰਮ ਜਾਂ ਸਮੁਦਾਇ ਦੇ ਖਿਲਾਫ। ਉਥੇ ਹੀ ਪੁਲਿਸ ਮੁਖੀ ਡਾਗਰ ਨੇ ਕਿਹਾ ਕਿ ਉਹ ਅਗਲੇ ਕੁਝ ਦਿਨ ਮੈਦਾਨ ਵਿੱਚ ਆਪਣੇ ਅਧਿਕਾਰੀਆਂ ਦੇ ਨਾਲ ਰਹਿ ਕੇ ਮੌਕੇ ਦੀ ਨਿਗਰਾਨੀ ਕਰਨਗੇ