18 ਅਪ੍ਰੈਲ 2024: ਉੱਤਰੀ ਰੇਲਵੇ ਨੇ ਗਰਮੀਆਂ ਦੇ ਮੌਸਮ ਦੌਰਾਨ ਯਾਤਰੀਆਂ ਦੀ ਸਹੂਲਤ ਨੂੰ ਵਧਾਉਣ ਅਤੇ ਟਰੇਨਾਂ ‘ਚ ਵਧਦੀ ਭੀੜ ਨੂੰ ਕੰਟਰੋਲ ਕਰਨ ਲਈ ਦੂਜੇ ਪੜਾਅ ‘ਚ ਵੱਖ-ਵੱਖ ਰੇਲਵੇ ਰੂਟਾਂ ‘ਤੇ 32 ਜੋੜੀ ਸਮਰ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।
ਇਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਜੰਮੂ ਰੂਟਾਂ ‘ਤੇ ਅਪ ਅਤੇ ਡਾਊਨ ਟਰੇਨਾਂ ਦੀਆਂ 4 ਜੋੜੀਆਂ ਵੀ ਸ਼ਾਮਲ ਹਨ। ਇਹ ਟਰੇਨਾਂ ਅਪ੍ਰੈਲ ਦੇ ਅੰਤ ‘ਚ ਪਟੜੀਆਂ ‘ਤੇ ਚੱਲਦੀਆਂ ਦਿਖਾਈ ਦੇਣਗੀਆਂ ਅਤੇ ਲਗਭਗ ਦੋ ਮਹੀਨਿਆਂ ਤੱਕ ਯਾਤਰੀਆਂ ਦੀ ਸੇਵਾ ‘ਚ ਚੱਲਣਗੀਆਂ।
ਇਨ੍ਹਾਂ ਟਰੇਨਾਂ ਨੂੰ ਚਲਾਉਣ ਲਈ ਸਮਾਂ ਸਾਰਣੀ, ਹੋਲਟ ਸਟੇਸ਼ਨ, ਦਿਨਾਂ ਦੀ ਗਿਣਤੀ ਅਤੇ ਯਾਤਰਾਵਾਂ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਟਰੇਨਾਂ ਦੇ ਚੱਲਣ ਨਾਲ ਨਿਯਮਤ ਤੌਰ ‘ਤੇ ਚੱਲਣ ਵਾਲੀਆਂ ਟਰੇਨਾਂ ‘ਚ ਭੀੜ ਘੱਟ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੈਰ-ਸਪਾਟੇ ਲਈ ਜਾਣ ਵਾਲੇ ਯਾਤਰੀਆਂ ਅਤੇ ਆਪਣੇ ਗ੍ਰਹਿ ਰਾਜਾਂ ਨੂੰ ਪਰਤਣ ਵਾਲੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਆਮ ਤੌਰ ‘ਤੇ ਗਰਮੀਆਂ ਦੌਰਾਨ ਜ਼ਿਆਦਾਤਰ ਯਾਤਰੀ ਟਰੇਨਾਂ ‘ਚ ਸੀਟ ਮਿਲਣੀ ਮੁਸ਼ਕਿਲ ਹੁੰਦੀ ਹੈ ਪਰ ਇਨ੍ਹਾਂ ਟਰੇਨਾਂ ਦੇ ਸ਼ੁਰੂ ਹੋਣ ਨਾਲ ਕਨਫਰਮ ਟਿਕਟਾਂ ਹਾਸਲ ਕਰਨਾ ਆਸਾਨ ਹੋ ਜਾਵੇਗਾ।