ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲੇ ‘ਚ ਬੁੱਧਵਾਰ ਸਵੇਰੇ ਲਖਨਊ-ਆਗਰਾ ਐਕਸਪ੍ਰੈੱਸ ਵੇਅ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਡਬਲ ਡੇਕਰ ਬੱਸ ਟੈਂਕਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਬੱਸ ਹਾਈਵੇਅ ‘ਤੇ ਕਈ ਵਾਰ ਪਲਟ ਗਈ। ਇਸ ਦਰਦਨਾਕ ਹਾਦਸੇ ‘ਚ 18 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 19 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਡਬਲ ਡੈਕਰ ਬੱਸ (ਯੂਪੀ 95 ਟੀ 4720) ਬਿਹਾਰ ਦੇ ਸ਼ਿਵਗੜ੍ਹ ਤੋਂ ਰਾਜਧਾਨੀ ਦਿੱਲੀ ਜਾ ਰਹੀ ਸੀ। ਜਿਵੇਂ ਹੀ ਸਲੀਪਰ ਬੱਸ ਲਖਨਊ-ਆਗਰਾ ਐਕਸਪ੍ਰੈੱਸ ਵੇਅ ‘ਤੇ ਬੇਹਟਾ ਮੁਜਾਵਰ ਥਾਣਾ ਖੇਤਰ ‘ਚ ਹਵਾਈ ਪੱਟੀ ‘ਤੇ ਪਹੁੰਚੀ ਤਾਂ ਦੁੱਧ ਨਾਲ ਭਰੇ ਟੈਂਕਰ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉਡ ਗਏ। ਜਿਸ ਥਾਂ ‘ਤੇ ਹਾਦਸਾ ਹੋਇਆ ਉੱਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਸੜਕ ‘ਤੇ ਸਿਰਫ਼ ਲਾਸ਼ਾਂ ਹੀ ਦਿਖਾਈ ਦੇ ਰਹੀਆਂ ਸਨ। ਮੌਕੇ ‘ਤੇ ਰੌਲਾ ਪੈ ਗਿਆ। ਇਸ ਹਾਦਸੇ ਵਿੱਚ ਇੱਕ ਬੱਚੇ ਅਤੇ ਔਰਤਾਂ ਸਮੇਤ 18 ਯਾਤਰੀਆਂ ਦੀ ਮੌਤ ਹੋ ਗਈ। ਜਦਕਿ 20 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ। ਸੂਚਨਾ ‘ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।