ਘਰ ਵਿੱਚ ਆਟਾ ਨਹੀਂ ਸੀ, ਮੈਂ ਭੁੱਖਾ ਸਕੂਲ ਆਇਆ… ਇਹ ਸ਼ਬਦ ਹੁਣ ਹਰ ਉਸ ਵਿਅਕਤੀ ਦੇ ਕੰਨਾਂ ਵਿੱਚ ਗੂੰਜ ਰਹੇ ਹਨ, ਜਿਸ ਨੇ ਫ਼ਿਰੋਜ਼ਪੁਰ ਦੇ ਪਿੰਡ ਸੈਦੇਕੇ ਨੋਲ ਦੀ ਮਾਸੂਮ ਅੰਮ੍ਰਿਤ (5) ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵੇਖੀ ਹੈ। ਹੁਣ ਇਸ ਗਰੀਬ ਪਰਿਵਾਰ ਦੀ ਮਦਦ ਲਈ ਸੈਂਕੜੇ ਹੱਥ ਅੱਗੇ ਆਏ ਹਨ। ਆਰਥਿਕ ਤੰਗੀ ‘ਚੋਂ ਗੁਜ਼ਰ ਰਹੇ ਮਾਸੂਮ ਅੰਮ੍ਰਿਤ ਦੇ ਪਰਿਵਾਰ ਦੀ ਮਦਦ ਲਈ ਕਈ ਲੋਕ ਅਤੇ ਸੰਸਥਾਵਾਂ ਅੱਗੇ ਆਈਆਂ ਹਨ। ਇੱਥੋਂ ਤੱਕ ਕਿ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਲੋਕ ਪਰਿਵਾਰ ਦੀ ਮਦਦ ਲਈ ਉਸ ਨਾਲ ਸੰਪਰਕ ਕਰ ਰਹੇ ਹਨ।
ਫ਼ਿਰੋਜ਼ਪੁਰ ਦੇ ਪਿੰਡ ਸੈਦੇਕੇ ਨਲ ਦੇ ਸਰਕਾਰੀ ਸਕੂਲ ਦੀ ਨਰਸਰੀ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਅੰਮ੍ਰਿਤ ਦੇ ਘਰ ਰਾਸ਼ਨ ਅਤੇ ਆਰਥਿਕ ਮਦਦ ਪੁੱਜਣੀ ਸ਼ੁਰੂ ਹੋ ਗਈ ਹੈ। ਅਮਰੀਕਾ, ਕੈਨੇਡਾ ਅਤੇ ਇਟਲੀ ਤੋਂ ਵੀ ਵਿੱਤੀ ਮਦਦ ਮਿਲ ਰਹੀ ਹੈ। ਇਸ ਤੋਂ ਇਲਾਵਾ ਹਲਕਾ ਸਾਬਕਾ ਵਿਧਾਇਕ ਰਮਿੰਦਰ ਅਮਲਾ ਨੇ ਅੰਮ੍ਰਿਤ ਦੇ ਮਾਪਿਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ।