ਸਿੱਖ ਕੱਟੜਪੰਥੀ ਪ੍ਰਚਾਰਕ ਅਤੇ NSA ਨਜ਼ਰਬੰਦ ਅੰਮ੍ਰਿਤਪਾਲ ਸਿੰਘ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਨਹੀਂ ਚੁੱਕ ਸਕੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਡਿਬਰੂਗੜ੍ਹ ਜੇਲ੍ਹ ਤੋਂ ਉਸਦੀ ਆਰਜ਼ੀ ਰਿਹਾਈ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਦੱਸ ਦੇਈਏ ਕਿ ਉਹ ਪਿਛਲੇ ਸਾਲ 23 ਅਪ੍ਰੈਲ ਤੋਂ ਹਿਰਾਸਤ ਵਿੱਚ ਹੈ।
‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦਾ ਨਾਂ 25 ਜੂਨ ਨੂੰ ਸੰਸਦ ਵਿੱਚ ਸਹੁੰ ਚੁੱਕਣ ਲਈ ਸੂਚੀ ਵਿੱਚ ਸ਼ਾਮਲ ਸੀ। ਇਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ ਅੰਮ੍ਰਿਤਪਾਲ ਨੂੰ ਸਹੁੰ ਚੁੱਕ ਸਮਾਗਮ ਲਈ ਸੰਸਦ ਲੈ ਜਾਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ।
ਹਾਲ ਹੀ ਵਿੱਚ ਸਾਹਮਣੇ ਆਏ ਹੁਕਮਾਂ ਅਨੁਸਾਰ ਅੰਮ੍ਰਿਤਪਾਲ 23 ਅਪ੍ਰੈਲ 2025 ਤੱਕ NSA ਦੀ ਹਿਰਾਸਤ ਵਿੱਚ ਰਹੇਗਾ। ਨਜ਼ਰਬੰਦੀ ਦੀ ਮਿਆਦ ਦਿੱਲੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਸਲਾਹਕਾਰ ਬੋਰਡ ਦੀ ਸਿਫ਼ਾਰਸ਼ ‘ਤੇ ਵਧਾਈ ਗਈ ਸੀ।