19 ਮਾਰਚ 2024: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਵਿੱਚੋਂ ਵਾਪਿਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉੱਥੇ ਉਹਨਾਂ ਕੋਲੋਂ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਸੀ। ਸਿਹਤ ਖਰਾਬ ਹੋਣ ਤੇ ਇਲਾਜ਼ ਨਹੀ ਸੀ ਕਰਵਾਇਆ ਜਾਂਦਾ ਸਗੋਂ ਬਿਮਾਰੀ ਦੌਰਾਨ ਵੀ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਕੀਤੇ ਗਏ ਸਾਰਥਿਕ ਯਤਨਾਂ ਸਦਕਾ ਹੀ ਉਹ ਮੁੜ ਆਪਣੇ ਪਰਿਵਾਰਾਂ ਵਿੱਚ ਪਰਤ ਸਕੀਆਂ ਹਨ। ਅਰਬ ਦੇਸ਼ਾਂ ਵਿੱਚ ਵਾਪਿਸ ਆਈਆਂ ਲੜਕੀਆਂ ਜ਼ਿਲ੍ਹਾ ਹੁਸ਼ਿਆਰਪੁਰ, ਤਰਨ-ਤਾਰਨ ਤੇ ਕਪੂਰਥਲਾ ਨਾਲ ਸੰਬੰਧਿਤ ਹਨ।
ਸਾਊਦੀ ਅਰਬ ਤੇ ਓਮਾਨ ਤੋਂ ਵਾਪਿਸ ਆਈਆਂ ਲੜਕੀਆਂ ਨੇ ਲੂ-ਕੰਢੇ ਖੜ੍ਹੇ ਕਰਨ ਵਾਲੀਆਂ ਹੱਡਬੀਤੀਆਂ ਸਾਂਝੀਆਂ ਕਰਦਿਆਂ ਹੋਇਆ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹਨਾਂ ਤੇ ਉੱਥੇ ਤਸ਼ਦੱਦ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਇਹਨਾਂ ਏਜੰਟਾਂ ਵੱਲੋਂ ਹਲੇ ਵੀ ਉੱਥੇ ਬਹੁਤ ਸਾਰੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਫਸਾ ਕਿ ਰੱਖਿਆ ਹੋਇਆ ਜੋ ਨਾ ਕੇਵਲ ਭਾਰਤ ਦੀਆਂ ਸਗੋਂ ਨੇਪਾਲ ਸਮੇਤ ਹੋਰ ਵੀ ਦੇਸ਼ਾਂ ਦੀਆਂ ਹਨ। ਉਹਨਾਂ ਦੱਸਿਆ ਕਿ ਉੱਥੇ ਲੜਕੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਰਾਹੀ ਗਈਆਂ ਲੜਕੀਆਂ ਦਾ ਸ਼ੋਸ਼ਣ ਰੁੱਕਣ ਦਾ ਨਾਮ ਨਹੀ ਲੈ ਰਿਹਾ ਹੈ। ਬੇਹਤਰ ਭਵਿੱਖ, ਮੋਟੀਆਂ ਤਨਖਾਹਾਂ ਅਤੇ ਘਰਾਂ ਵਿੱਚ ਸੌਖਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੰਜਾਬ ਦੀਆਂ ਅਣਭੋਲ ਲੜਕੀਆਂ ਨੂੰ ਟਰੈਵਲ ਏਜੰਟ ਆਪਣੇ ਚੁੰਗਲ ਵਿੱਚ ਫਸਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਲੜਕੀਆਂ ਦਾ ਸ਼ੋਸ਼ਣ ਹੋਣਾ ਚਿੰਤਾਜਨਕ ਹੈ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਇਹ ਲੜਕੀਆਂ ਪਰਿਵਾਰਾਂ ਤੱਕ ਸਹੀ ਸਲਾਮਤ ਪਹੁੰਚ ਸਕੀਆਂ ਹਨ। ਉਹਨਾਂ ਦੱਸਿਆ ਕਿ ਜਨਵਰੀ ਫਰਵਰੀ ਮਹੀਨੇ ਦੌਰਾਨ ਇਹਨਾਂ 2 ਲੜਕੀਆਂ ਸਮੇਤ ਹੋਰ 4 ਲੜਕੀਆਂ ਵਾਪਿਸ ਆਈਆਂ ਹਨ।
ਅਮਰੀਕਾ ਵਿੱਚੋਂ ਨੌਜਵਾਨ ਪਰਗਟ ਸਿੰਘ ਦੀ ਆਈ ਮ੍ਰਿਤਕ ਦੇਹ ਦਾ ਸੁਲਤਾਨਪੁਰ ਲੋਧੀ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਸ਼ਹਿਰ ਸਟੌਕਾਨ ਵਿੱਚ ਰਹਿੰਦੇ ਪਰਗਟ ਸਿੰਘ ਦੀ 5 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਕਿ ਪਰਗਟ ਸਿੰਘ ਦੀ ਮ੍ਰਿਤਕ ਦੇਹ ਨੂੰ ਹਫਤੇ ਵਿੱਚ ਵਾਪਿਸ ਮੰਗਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸੰਤ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਿਦੇਸ਼ਾਂ ਵਿੱਚ ਆਪਣੀ ਜਾਨ ਗਵਾਉਣ ਵਾਲੇ 18 ਦੇ ਕਰੀਬ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਹੁਣ ਤੱਕ ਵਾਪਿਸ ਮੰਗਵਾਈਆਂ ਜਾ ਚੁੱਕੀਆਂ ਹਨ।