ਚੋਣਾਂ ਖਤਮ ਹੁੰਦਿਆਂ ਹੀ ਖਪਤਕਾਰਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਈ ਹੈ। ਅੱਜ ਮਦਰ ਡੇਅਰੀ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਅਮੂਲ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਪਿਛਲੇ ਹਫਤੇ ਹੀ NHAI ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ ਦਰਾਂ ‘ਚ ਪੰਜ ਫੀਸਦੀ ਦਾ ਵਾਧਾ ਕਰ ਦਿੱਤਾ ਸੀ, ਜਿਸ ਕਾਰਨ ਆਮ ਖਪਤਕਾਰਾਂ ਦਾ ਸਫਰ ਮਹਿੰਗਾ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ‘ਚ ਵੀ ਵਾਧਾ ਹੋ ਸਕਦਾ ਹੈ। ਇਸ ਕਾਰਨ ਮਹਿੰਗਾਈ ਦਾ ਖਪਤਕਾਰਾਂ ‘ਤੇ ਸਰਬਪੱਖੀ ਅਸਰ ਪੈ ਸਕਦਾ ਹੈ।
ਅੱਜ ਨਵੀਂਆਂ ਕੀਮਤਾਂ ਜਾਰੀ ਕਰਦਿਆਂ ਮਦਰ ਡੇਅਰੀ ਨੇ ਕਿਹਾ ਹੈ ਕਿ ਟੋਨਡ ਦੁੱਧ ਹੁਣ 54 ਰੁਪਏ ਪ੍ਰਤੀ ਲੀਟਰ ਦੀ ਬਜਾਏ 56 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ। ਗਾਂ ਦਾ ਦੁੱਧ ਵੀ ਹੁਣ 56 ਰੁਪਏ ਪ੍ਰਤੀ ਲੀਟਰ ਦੀ ਥਾਂ 58 ਰੁਪਏ ਪ੍ਰਤੀ ਲੀਟਰ ਮਿਲੇਗਾ। ਫੁੱਲ ਕਰੀਮ ਦੁੱਧ ਹੁਣ 66 ਰੁਪਏ ਪ੍ਰਤੀ ਲੀਟਰ ਦੀ ਥਾਂ 68 ਰੁਪਏ ਪ੍ਰਤੀ ਲੀਟਰ ਅਤੇ ਮੱਝ ਦਾ ਦੁੱਧ 70 ਰੁਪਏ ਦੀ ਬਜਾਏ 72 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ।