ਦੱਖਣੀ-ਪੂਰਬੀ ਮੈਕਸੀਕੋ ਦੇ ਇਕ ਬਾਰ ‘ਤੇ ਐਤਵਾਰ ਸਵੇਰੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ। ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤਬਸਕੋ ਸੂਬੇ ਦੇ ਵਿਲਾਹੇਰਮੋਲਾ ਸ਼ਹਿਰ ਵਿੱਚ ਵਾਪਰੀ, ਜੋ ਹਾਲ ਹੀ ਵਿੱਚ ਵੱਧ ਰਹੀ ਹਿੰਸਾ ਨਾਲ ਜੂਝ ਰਿਹਾ ਹੈ। ਫਿਲਹਾਲ ਇਸ ਮਾਮਲੇ ‘ਚ ਨਾ ਤਾਂ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਅਤੇ ਨਾ ਹੀ ਗੋਲੀ ਚਲਾਉਣ ਦੇ ਕਾਰਨਾਂ ਦਾ ਪਤਾ ਲੱਗਾ ਹੈ।
ਰਾਜ ਦੇ ਡਿਪਟੀ ਪ੍ਰੌਸੀਕਿਊਟਰ ਗਿਲਬਰਟੋ ਮੇਲਕੁਏਡਸ ਨੇ ਕਿਹਾ ਕਿ ਹਥਿਆਰਬੰਦ ਵਿਅਕਤੀ ਇੱਕ ਖਾਸ ਵਿਅਕਤੀ ਦੀ ਤਲਾਸ਼ ਵਿੱਚ ਬਾਰ ਵਿੱਚ ਦਾਖਲ ਹੋਏ ਸਨ। ਪਰ ਗੋਲੀਆਂ ਨੇੜੇ ਮੌਜੂਦ ਲੋਕਾਂ ਨੂੰ ਵੀ ਲੱਗੀਆਂ। ਇਹ ਘਟਨਾ ਡੇਬਰ ਨਾਮਕ ਬਾਰ ਵਿੱਚ ਵਾਪਰੀ। ਘਟਨਾ ‘ਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਹੋਰ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਪੰਜ ਦੀ ਪਛਾਣ ਕਰ ਲਈ ਗਈ ਹੈ।