ਵਾਸ਼ਿੰਗਟਨ— ਅਮਰੀਕਾ ਦੇ ਜਾਰਜੀਆ ਸੂਬੇ ‘ਚ ਇਕ ਭਿਆਨਕ ਸੜਕ ਹਾਦਸੇ ‘ਚ ਇਕ ਤੇਜ਼ ਰਫਤਾਰ ਕਾਰ ਦੇ ਪਲਟਣ ਨਾਲ ਤਿੰਨ ਭਾਰਤੀ-ਅਮਰੀਕੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਿਸ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਸ਼੍ਰਿਆ ਅਵਸਰਾਲਾ, ਅੰਵੀ ਸ਼ਰਮਾ ਅਤੇ ਆਰੀਅਨ ਜੋਸ਼ੀ ਵਜੋਂ ਹੋਈ ਹੈ, ਜੋ ਪਿਛਲੇ ਹਫਤੇ ਅਲਫਾਰੇਟਾ ਦੇ ਵੈਸਟਸਾਈਡ ਪਾਰਕਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਵਿੱਚ ਸਵਾਰ ਸਨ।
ਮੌਕੇ ‘ਤੇ ਮੌਜੂਦ ਸਬੂਤਾਂ ਦੇ ਆਧਾਰ ‘ਤੇ ਮੰਨਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਆਪਣੀ ਕਾਰ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਕਾਰ ਪਲਟ ਗਈ। ਕਾਰ ‘ਚ ਸਵਾਰ ਦੋ ਵਿਅਕਤੀ ਜੋਸ਼ੀ ਅਤੇ ਅਵਸਰਾਲਾ ਮੌਕੇ ‘ਤੇ ਮ੍ਰਿਤਕ ਪਾਏ ਗਏ। ਬਾਕੀ ਤਿੰਨ ਲੋਕਾਂ ਨੂੰ ਇਲਾਜ ਲਈ ਨੌਰਥ ਫੁਲਟਨ ਹਸਪਤਾਲ ਲਿਜਾਇਆ ਗਿਆ।
ਅਲਫਾਰੇਟਾ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਰਮਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਾਰਜੀਆ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਡਰਾਈਵਰ ਰਿਤਵਾਕ ਸੋਮਪੱਲੀ ਅਤੇ ਅਲਫਾਰੇਟਾ ਹਾਈ ਸਕੂਲ ਦੇ ਵਿਦਿਆਰਥੀ ਮੁਹੰਮਦ ਲਿਆਕਤ ਦੀ ਪਛਾਣ ਜ਼ਖਮੀ ਹੋਰ ਦੋ ਵਿਦਿਆਰਥੀਆਂ ਵਜੋਂ ਹੋਈ ਹੈ। ਬਿਆਨ ਮੁਤਾਬਕ ਸਾਰਿਆਂ ਦੀ ਉਮਰ 18 ਸਾਲ ਸੀ।