ਪੰਜਾਬ ਦੇ ਡੇਰਾਬੱਸੀ ‘ਚ ਗੁੰਡਾਗਰਦੀ ਖੁੱਲ੍ਹ ਕੇ ਦੇਖਣ ਨੂੰ ਮਿਲੀ ਹੈ। ਸ਼ਹਿਰ ਦੀ ਸ਼ਕਤੀ ਨਗਰ ਕਲੋਨੀ ‘ਚ ਸਥਿਤ ਡਾਇਗਨੌਸਟਿਕ ਸੈਂਟਰ ‘ਚ ਮੋਟਰਸਾਈਕਲ ‘ਤੇ ਆਏ ਦੋ ਨਕਾਬਪੋਸ਼ ਨੌਜਵਾਨਾਂ ਨੇ ਦਿਨ ਦਿਹਾੜੇ ਰਿਸੈਪਸ਼ਨਿਸਟ ਨੂੰ ਧਮਕੀ ਭਰੀ ਚਿੱਠੀ ਦੇ ਕੇ ਹਵਾ ‘ਚ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਇਸ ਘਟਨਾ ਨਾਲ ਜਿੱਥੇ ਸਾਰੇ ਕਰਮਚਾਰੀ ਡਰੇ ਹੋਏ ਹਨ, ਉੱਥੇ ਹੀ ਸ਼ਹਿਰ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਆਪਣੇ ਮੂੰਹ ਢੱਕੇ ਹੋਏ ਮੋਟਰਸਾਈਕਲ ’ਤੇ ਦੁਪਹਿਰ 1.45 ਵਜੇ ਦੇ ਕਰੀਬ ਡੇਰਾਬਸੀ ਥਾਣੇ ਤੋਂ ਕੁਝ ਦੂਰੀ ’ਤੇ ਸਥਿਤ ਅਪੋਲੋ ਡਾਇਗਨੌਸਟਿਕ ਸੈਂਟਰ ਵਿੱਚ ਦਾਖ਼ਲ ਹੋਏ। ਜਿਸ ਵਿੱਚ ਇੱਕ ਨੌਜਵਾਨ ਨੇ ਸੈਂਟਰ ਦੀ ਰਿਸੈਪਸ਼ਨਿਸਟ ਊਸ਼ਾ ਨੂੰ ਪਰਚੀ ਦਿੱਤੀ। ਜਿਸ ‘ਚ ਲਿਖਿਆ ਸੀ ਕਿ ਅਸੀਂ ਕੌਸ਼ਲ ਚੌਧਰੀ ਗੈਂਗ ਦੇ ਸਰਪ੍ਰਸਤ ਹਾਂ ਅਤੇ ਉਨ੍ਹਾਂ ਦੇ ਕਹਿਣ ‘ਤੇ ਇਹ ਕੰਮ ਕੀਤਾ ਹੈ। ਜੇਕਰ ਤੁਸੀਂ ਆਪਣੀ ਸੁਰੱਖਿਆ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਰਾਹੀਂ ਗੱਲ ਕਰੋ। ਨਹੀਂ ਤਾਂ ਅੱਜ ਇੱਕ ਚੱਲੇਗਾ, ਕੱਲ੍ਹ 101 ਚੱਲੇਗਾ।